ਨਡਾਲਾ, 21 ਦਸੰਬਰ (ਰਘਬਿੰਦਰ ਸਿੰਘ)-ਲੰਘੇ ਦਿਨੀਂ ਕਹਾਣੀਕਾਰ ਡਾ.ਕਰਮਜੀਤ ਸਿੰਘ ਨਡਾਲਾ ਦੇ ਕਹਾਣੀ ਸੰਗ੍ਰਹਿ 'ਗਲੇਸ਼ੀਅਰ ਪਿਘਲ ਗਿਆ 'ਤੇ ਇੱਕ ਭਰਪੂਰ ਗੋਸ਼ਟੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ, ਕਹਾਣੀਕਾਰ ਰਤਨ ਸਿੰਘ ਕੰਵਲ(ਪਹਿਲਗਾਮੀ), ਪੋਪਿੰਦਰ ਸਿੰਘ ਪਾਰਸ(ਜੰਮੂ) ਤੇ ਸੰਪਾਦਕ 'ਮੰਤਵ' ਵਿਸ਼ਾਲ ਹੁਰਾਂ ਨੇ ਕੀਤੀ | ਇਸ ਮੌਕੇ ਡਾ.ਭੁਪਿੰਦਰ ਕੌਰ ਤੇ ਡਾ.ਸਰਦੂਲ ਸਿੰਘ ਔਜਲਾ ਨੇ ਪੁਸਤਕ ਤੇ ਖੋਜ ਭਰਪੂਰ ਪਰਚੇ ਪੜ੍ਹੇ | ਬਹਿਸ ਚ ਸ਼ਾਮਿਲ ਵਿਦਵਾਨਾਂ ਨੇ ਪੁਖਤਾ ਰਾਵਾਂ ਤੇ ਅਧਾਰਤ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਵਿਦਵਾਨਾਂ ਨੇ ਅੰਤਿਮ ਨਿਰਣਿਆਂ ਅਨੁਰੂਪ ਇਸ ਕਹਾਣੀ ਸੰਗ੍ਰਹਿ ਨੂੰ ਸੁਖਾਂਤ ਅਤੇ ਦੁਖਾਂਤ ਦਾ ਮਿਸ਼ਰਣ ਕਿਹਾ | ਪ੍ਰਸਿੱਧ ਵਿਦਵਾਨ ਸਰਵਨ ਸਿੰਘ ਪ੍ਰਦੇਸੀ ਨੇ ਕਿਹਾ ਉਤਰ- ਆਧੁਨਿਕਤਾ ਕਾਲ ਦੇ ਵਾਪਰਨ ਤੋਂ ਅਗਾਂਹ ਦੀ ਨਾਰੀ ਦੀ ਸਥਿਤੀ ਅਤੇ ਉਸ ਦੀਆਂ ਲਿੰਗਕ ਰੁਚੀਆਂ ਕਿਧਰ ਨੂੰ ਜਾ ਰਹੀਆਂ ਹਨ ਅਤੇ ਮਰਦ ਪਾਤਰ ਕਿਵੇਂ ਇਨ੍ਹਾਂ ਦਾ ਸ਼ੋਸ਼ਣ ਕਰਦਾ ਹੈ | ਡਾ. ਸੁਖਪਾਲ ਸਿੰਘ ਥਿੰਦ ਹੁਰਾਂ ਵਿਚਾਰ ਪ੍ਰਗਟ ਕਰਦਿਆਂ ਕਿਹਾ ਸੰਗ੍ਰਹਿ ਵਿਚਲੇ ਕਿਰਦਾਰ ਇਸ ਕਾਰਪੋਰੇਟ ਜਗਤ ਦੀ ਗਲੋਬਲੀ ਮੰਡੀ ਦੀ ਭੇਟ ਹਨ | ਸੰਗ੍ਰਹਿ ਵਿਚਲੀਆਂ ਸਾਰੀਆਂ ਔਰਤਾਂ ਹੀ ਸਾਧਾਰਨ ਪਾਤਰ ਹਨ ਇਸੇ ਲਈ ਲੰਡੂ ਥਾਣੇਦਾਰ ਉਜਾੜਦੇ ਤੇ ਕਿਤੇ ਵੀ ਵਰਗ਼ਲਾ ਕੇ ਲੈ ਜਾਂਦੇ ਹਨ | ਡਾ. ਸੁਖਵਿੰਦਰ ਸਿੰਘ ਪਠਾਨਕੋਟ ਹੁਰਾਂ ਬੋਲਦਿਆਂ ਕਿਹਾ ਇਸ ਸੰਗ੍ਰਹਿ ਵਿਚਲੀ ਸ਼ਬਦਾਵਲੀ ਮਿਆਰੀ ਵਾਰਤਕ ਅਤੇ ਨਾਟਕੀ ਅਤੇ ਨਾਟਕੀ-ਸੈਲੀ ਦੇ ਅਨੇਕਾਂ ਗੁਣ ਆਪਣੇ ਵਿੱਚ ਸਮੋਈ ਬੈਠੀ ਹੈ | ਇਵੇਂ ਹੀ ਡਾ.ਧਰਮਪਾਲ ਸਾਹਿਲ, ਡਾ.ਲੇਖ ਰਾਜ ਪਠਾਨਕੋਟ, ਮਿੱਤਰ ਮਨਜੀਤ, ਰਾਜਿੰਦਰ ਸਿੰਘ ਢੱਡਾ, ਮੈਡਮ ਪ੍ਰੋਮਿਲਾ ਅਰੋੜਾ, ਪ੍ਰੋ ਗੁਰਨਾਮ ਸਿੰਘ ਨੇ ਬਹਿਸ ਚ ਆਪਣੇ ਡੂੰਘੇ ਵਿਚਾਰ ਪ੍ਰਗਟ ਕੀਤੇ | ਮੁੱਖ ਮਹਿਮਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਜਸਪ੍ਰੀਤ ਕੌਰ, ਸੰਪਾਦਕ 'ਮੰਤਵ' ਵਿਸ਼ਾਲ ਨੇ ਵੀ ਡਾ. ਕਰਮਜੀਤ ਸਿੰਘ ਨਡਾਲਾ ਦੀ ਕਹਾਣੀ, ਕਹਾਣੀ ਕਲਾ ਸ਼ਾਨਦਾਰ ਸ਼ੈਲੀ ਤੇ ਉੱਚ ਪਾਏ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਜਗਤ ਨੂੰ ਦੇਣ ਲਈ ਮੁਬਾਰਕਾਂ ਦਿੱਤੀਆਂ ਮੰਚ ਸੰਚਾਲਨ ਡਾ.ਮੱਖਣ ਸਿੰਘ ਭੁਲੱਥ ਨੇ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਕੀਤਾ ਇਸ ਮੌਕੇ ਬਹੁਤ ਸਾਰੇ ਵਿਦਵਾਨ, ਲੇਖਕ, ਕਵੀ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ | ਉਨ੍ਹਾਂ ਨੇ ਵੀ ਕਿਹਾ ਕਿ ਡਾ.ਕਰਮਜੀਤ ਸਿੰਘ ਨਡਾਲਾ ਦਾ ਕਹਾਣੀ ਸੰਗ੍ਰਹਿ ਰੌਚਿਕਤਾ ਭਰਪੂਰ, ਮੁਹਾਵਰੇਦਾਰ ਵਾਕ ਬਣਤਰ, ਪ੍ਰਸਥਿਤੀਆਂ ਦੀ ਸੰਘਣਤਾ, ਘਟਨਾਵਾਂ ਤੇ ਵਿਸ਼ੇ ਵਸਤੂ ਦਾ ਨਿਭਾਅ ਨੋਕਦਾਰ ਹੈ | ਅੰਤ ਚ ਰਤਨ ਸਿੰਘ ਕੰਵਲ (ਪਹਿਲਗਾਮੀ) ਤੇ ਪੋਪਿੰਦਰ ਸਿੰਘ ਪਾਰਸ (ਜੰਮੂ) ਨੂੰ ਸਨਮਾਨ ਪੱਤਰ, ਲੋਕਾਂ ਨਾਲ ਸਨਮਾਨਿਤ ਕੀਤਾ ਤੇ ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ |