ਕਪੂਰਥਲਾ, 22 ਦਸੰਬਰ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਿਡਜ਼ ਪੈਰਾਡਾਈਜ਼ ਵਿਚ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਆਪਣੇ ਧਰਮ ਤੇ ਸੱਚਾਈ ਲਈ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ | ਬਾਅਦ ਵਿਚ ਸਕੂਲ ਦੇ ਸਟਾਫ਼ ਵਲੋਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਸ਼ਹੀਦਾਂ ਖੋਜੇਵਾਲ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ | ਇਸ ਮੌਕੇ ਸਕੂਲ ਦੀ ਪ੍ਰੀਖਿਆ ਕੰਟਰੋਲਰ ਨਿਰਮਲ ਜੋਤੀ, ਕਿਡਜ਼ ਪੈਰਾਡਾਈਜ਼ ਦੀ ਇੰਚਾਰਜ ਬਬੀਤਾ ਠਾਕੁਰ, ਗੁਰਲੀਨ ਕੌਰ, ਜਸਲੀਨ, ਰੇਨੂਕਾ, ਮਨਜੀਤ, ਦੀਪਕਾ ਠਾਕੁਰ, ਦੀਪਕ ਭਸੀਨ, ਸੀਮਾ ਭੰਡਾਰੀ, ਮੀਨਾਕਸ਼ੀ ਤੇ ਸਕੂਲ ਦੇ ਹੋਰ ਅਧਿਆਪਕ ਸ਼ਾਮਲ ਸਨ | ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਤੇ ਰਵਿੰਦਰ ਕੌਰ ਸੇਖੋਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ |