ਸੁਲਤਾਨਪੁਰ ਲੋਧੀ, 22 ਦਸੰਬਰ (ਨਰੇਸ਼ ਹੈਪੀ)-ਪੋਹ ਦਾ ਮਹੀਨਾ ਸਿੱਖ ਧਰਮ ਵਿਚ ਸ਼ਹੀਦੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ | ਇਸ ਮਹੀਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਿੱਖ ਕੌਮ ਦੀ ਖ਼ਾਤਰ ਸ਼ਹੀਦ ਹੋ ਗਿਆ ਸੀ | ਇਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਪ੍ਰਣਾਮ ਕਰਨ ਲਈ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਵਲੋਂ ਸ਼ਬਦ ਗਾਇਣ ਕਰਕੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਗਿਆ | ਬੱਚਿਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੇਸ਼ ਕਰਦੀ ਕਵਿਤਾ ਬੋਲੀ ਗਈ | ਇਸ ਮੌਕੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਪੀਚ ਬੋਲੀ ਗਈ, ਜਿਸ ਵਿਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਏਨੀ ਛੋਟੀ ਉਮਰ ਵਿਚ ਆਪਣੇ ਪਿਤਾ ਗੁਰੂ ਦੀ ਸਿੱਖਿਆ ਤੇ ਚੱਲਦੇ ਹੋਏ ਆਪਣਾ ਸੀਸ ਦੇ ਦਿੱਤਾ ਪਰ ਆਪਣੇ ਸਿੱਖੀ ਸਿਦਕ ਤੇ ਅਡੋਲ ਰਹੇ | ਪਿ੍ੰਸੀਪਲ ਗਗਨਦੀਪ ਕੌਰ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ ਤੇ ਬੱਚਿਆਂ ਨੂੰ ਉਨ੍ਹਾਂ ਦੇ ਮਹਾਨ ਜੀਵਨ ਤੋਂ ਸਿੱਖਿਆ ਲੈਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਬੱਚਿਆਂ ਦੇ ਸੁੰਦਰ ਦਸਤਾਰ ਸਜਾਓ ਮੁਕਾਬਲੇ ਵੀ ਕਰਵਾਏ ਗਏ ਤੇ ਉਨ੍ਹਾਂ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕਿ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਤੇ ਵਾਈਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ ਨੇ ਬੱਚਿਆਂ ਨੂੰ ਇਹੋ ਜਿਹੇ ਧਾਰਮਿਕ ਸਮਾਗਮਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਆ | ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਗੁਰਪ੍ਰੀਤ ਸਿੰਘ ਨੇ ਨਿਭਾਈ | ਇਸ ਮੌਕੇ ਕੋਆਰਡੀਨੇਟਰ ਨਵਨੀਤ ਕੌਰ, ਅਨੂੰ ਸ਼ਰਮਾ, ਵਿਸ਼ਾਲ ਕੁਮਾਰ, ਜਗਪ੍ਰੀਤ ਕੌਰ, ਹਾਊਸ ਇੰਚਾਰਜ ਮਨਦੀਪ ਕੌਰ, ਪੂਜਾ ਨੰਦਾ, ਕੁਲਦੀਪ ਕੌਰ, ਸਤਿੰਦਰਜੀਤ ਕੌਰ, ਐਕਟੀਵਿਟੀ ਇੰਚਾਰਜ ਮੈਡਮ ਨੇਹਾ, ਅਮਨਦੀਪ ਕੌਰ ਅਤੇ ਸਟਾਫ਼ ਮੈਂਬਰ ਰਵਿੰਦਰਪਾਲ ਸਿੰਘ, ਕਰਨਵੀਰ ਚੌਹਾਨ, ਕਾਸ਼ਮ ਖ਼ਾਨ, ਰਾਜਨ, ਲਵਨੀਤ ਕੌਰ, ਨਵਦੀਪ ਕੌਰ, ਗਗਨਜੀਤ ਕੌਰ ਆਦਿ ਵੀ ਹਾਜ਼ਰ ਸਨ |