• ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਸਮੇਤ ਰਾਣਾ ਧੜੇ ਦੇ ਕੌਂਸਲਰਾਂ ਵਲੋਂ ਪ੍ਰੈੱਸ ਕਾਨਫ਼ਰੰਸ
ਸੁਲਤਾਨਪੁਰ ਲੋਧੀ, 23 ਦਸੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਚ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਸ਼ਹਿਰ ਵਿਚ ਜਿੱਥੇ ਆਮ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਸਿਆਸੀ ਪਾਰਟੀਆਂ ਦਰਮਿਆਨ ਤਣਾਅ ਵੀ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਨਗਰ ਕੌਂਸਲ ਦਫ਼ਤਰ ਵਿਚ ਪ੍ਰਧਾਨ ਦੀਪਕ ਧੀਰ ਰਾਜੂ ਸਮੇਤ ਰਾਣਾ ਧੜੇ ਦੇ ਕੌਂਸਲਰਾਂ ਤੇਜਵੰਤ ਸਿੰਘ, ਅਸ਼ੋਕ ਮੋਗਲਾ, ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਆਦਿ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਦੌਰਾਨ ਨਵੀਂ ਵਾਰਡਬੰਦੀ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਇਸ ਨੂੰ ਲੋਕਤੰਤਰ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਗਿਆ ਤੇ ਪੁਰਾਣੀ ਵਾਰਡ ਬੰਦੀ ਨੂੰ ਬਹਾਲ ਰੱਖਣ ਦੀ ਮੰਗ ਕੀਤੀ | ਪ੍ਰੈੱਸ ਕਾਨਫ਼ਰੰਸ ਦੌਰਾਨ ਕੌਂਸਲਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਨਗਰ ਕੌਂਸਲ ਹੱਦਾਂ ਅੰਦਰ ਕੀਤੀ ਗਈ ਇਹ ਨਵੀਂ ਵਾਰਡਬੰਦੀ ਵਿਚ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਪੂਰਾ ਪ੍ਰਕਿਰਿਆ ਕ੍ਰਮ ਆਗਾਮੀ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿਵਾਉਣ ਦੀ ਮਨਸ਼ਾ ਨਾਲ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਅੰਜਾਮ ਦਿੱਤਾ ਗਿਆ ਹੈ | ਰਾਣਾ ਧੜੇ ਦੇ ਕੌਂਸਲਰਾਂ ਨੇ ਖ਼ਾਸ ਤੌਰ 'ਤੇ ਐਸ ਸੀ-ਬੀ ਸੀ ਵਰਗਾਂ ਅਤੇ ਮਰਦ-ਔਰਤਾਂ ਲਈ ਰਾਖਵੇਂ ਵਾਰਡਾਂ ਵਿਚ ਕੀਤੀ ਗਈ ਵੱਡੀ ਛੇੜਛਾੜ ਉੱਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ | ਉਨ੍ਹਾਂ ਕਿਹਾ ਕਿ ਸਿਆਸੀ ਕਿੜ ਕੱਢਣ ਅਤੇ ਆਪਣੀ ਮਰਜ਼ੀ ਦੇ ਉਮੀਦਵਾਰਾਂ ਲਈ ਰਾਹ ਸੁਗਮ ਬਣਾਉਣ ਵਾਸਤੇ ਰਾਖਵੇਂ ਵਾਰਡਾਂ ਦੀ ਬਣਤਰ ਵਿਚ ਲੋਕਤੰਤਰ ਨੂੰ ਛਿੱਕੇ ਟੰਗ ਕੇ ਫੇਰਬਦਲ ਕੀਤਾ ਗਿਆ ਹੈ ਜੋ ਸਮਾਜਿਕ ਨਿਆਂ ਅਤੇ ਸੰਵਿਧਾਨਕ ਪ੍ਰਬੰਧਾਂ ਦੇ ਸਿੱਧੇ ਉਲਟ ਹੈ | ਪ੍ਰੈੱਸ ਕਾਨਫ਼ਰੰਸ ਦੌਰਾਨ ਕੌਂਸਲਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਸਾਰਾ ਫ਼ੈਸਲਾ ਬੰਦ ਕਮਰਿਆਂ ਵਿਚ ਤਿਆਰ ਕਰਕੇ ਲੋਕਾਂ 'ਤੇ ਥੋਪਿਆ ਗਿਆ ਹੈ | ਅੰਤ ਵਿਚ ਕੌਂਸਲਰਾਂ ਨੇ ਸਰਕਾਰ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਚ ਕੀਤੀ ਗਈ ਨਵੀਂ ਵਾਰਡਬੰਦੀ ਨੂੰ ਤੁਰੰਤ ਰੱਦ ਕਰਕੇ ਪੁਰਾਣੀ ਵਾਰਡਬੰਦੀ ਨੂੰ ਬਹਾਲ ਕੀਤਾ ਜਾਵੇ | ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਲੋਕਾਂ ਦੀ ਆਵਾਜ਼ ਨੂੰ ਅਣਡਿੱਠਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ | ਇਸ ਤੋਂ ਇਲਾਵਾ ਕੌਂਸਲਰਾਂ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਨੇ ਸਾਡੇ ਇਸ ਮੁੱਦੇ ਵੱਲ ਧਿਆਨ ਨਾ ਹੀ ਦਿੱਤਾ ਤਾਂ ਉਹ ਮਾਨਯੋਗ ਹਾਈਕੋਰਟ ਦਾ ਰੁੱਖ ਕਰਨਗੇ ਅਤੇ ਇਸ ਨਾਦਰਸ਼ਾਹੀ ਫ਼ਰਮਾਨ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ |
ਸੁਲਤਾਨਪੁਰ ਲੋਧੀ 'ਚ ਨਵੀਂ ਵਾਰਡਬੰਦੀ ਖ਼ਿਲਾਫ਼ ਸਿਆਸੀ ਤੂਫ਼ਾਨ
ਅਜੀਤ ਡੈਸਕ
24-12-2025