ਕਾਲਾ ਸੰਘਿਆਂ, 24 ਦਸੰਬਰ (ਬਲਜੀਤ ਸਿੰਘ ਸੰਘਾ)-ਅਥਲੈਟਿਕਸ ਦੇ ਏਸ਼ੀਆ ਚੈਂਪੀਅਨ ਤੇ ਬੀ.ਐਸ.ਐਫ. ਦੇ ਕਮਾਂਡੈਂਟ ਰਹੇ ਲਹਿੰਬਰ ਸਿੰਘ ਮੰਡੇਰ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਜ਼ਿਲ੍ਹਾ ਕਪੂਰਥਲਾ ਦੇ ਕਾਲਾ ਸੰਘਿਆਂ ਨੇੜਲੇ ਪਿੰਡ ਮੰਡੇਰ ਦੋਨਾ ਦਾ ਨਾਂਅ ਸਮੁੱਚੇ ਭਾਰਤ ਵਿਚ ਰੌਸ਼ਨ ਕਰਨ ਵਾਲੇ ਸਰਦਾਰ ਲੈਂਬਰ ਸਿੰਘ ਮੰਡੇਰ ਦਾ ਜਨਮ 1949 ਵਿਚ ਪਿੰਡ ਮੰਡੇਰ ਦੋਨਾ 'ਚ ਹੋਇਆ | ਉਨ੍ਹਾਂ ਨੇ 1969 ਵਿਚ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਪਾਸ ਕੀਤੀ | ਸਟੇਟ ਸਪੋਰਟਸ ਕਾਲਜ ਜਲੰਧਰ ਤੋਂ ਗਿਆਰ੍ਹਵੀਂ ਕਲਾਸ ਵਿਚ ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਸਾਲ ਤੋਂ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ | ਉਨ੍ਹਾਂ ਨੇ ਭਾਰਤ ਲਈ ਪਹਿਲਾ 400 ਮੀਟਰ ਹਰਡਲ ਮੈਡਲ ਜਿੱਤਿਆ | 1974 ਦੇ ਤਹਿਰਾਨ ਏਸ਼ੀਅਨ ਗੇਮਜ਼ ਵਿਚ ਬਰੋਨਜ਼ ਮੈਡਲ, 1975 ਸਿਓਲ ਮੀਟ ਵਿਚ ਸਿਲਵਰ ਮੈਡਲ, 1976 ਪਾਕਿਸਤਾਨ ਕਾਇਦੇ ਆਜ਼ਮ ਮੀਟ ਵਿਚ ਗੋਲਡ ਤੇ ਸਿਲਵਰ ਮੈਡਲ ਜਿੱਤੇ | ਬੈਂਕਾਕ 1978 ਤੇ ਦਿੱਲੀ 1982 ਦੇ ਏਸ਼ੀਅਨ ਗੇਮਜ਼ ਵਿਚ ਭਾਗ ਲੈਣ ਨਾਲ ਕਈ ਨੈਸ਼ਨਲ ਰਿਕਾਰਡ ਤੋੜੇ ਤੇ ਭਾਰਤ ਲਈ ਮਾਣ ਕਮਾਇਆ | ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ | 7 ਸਾਲ ਤੱਕ ਨੈਸ਼ਨਲ ਚੈਂਪੀਅਨ ਰਹੇ ਤੇ ਪੁਲਿਸ ਗੇਮਜ਼ ਵਿਚ 14 ਸਾਲ ਤੱਕ ਸਿਰਮੌਰ ਰਹੇ | ਮੰਡੇਰ ਪਰਿਵਾਰ 'ਚ ਉਨ੍ਹਾਂ ਦੇ ਚਾਚਾ, ਪਿ੍ੰਸੀਪਲ ਭਜਨ ਸਿੰਘ ਮੰਡੇਰ ਨੇ ਉਨ੍ਹਾਂ ਨੂੰ ਸੇਧ ਦਿੱਤੀ | ਪਰਿਵਾਰ ਵਿਚ ਉਨ੍ਹਾਂ ਦੇ ਤਾਇਆ ਗੁਰਦਿਆਲ ਸਿੰਘ ਮੰਡੇਰ ਰਿਟਾਇਰਡ ਆਈ.ਪੀ.ਐਸ. ਅਧਿਕਾਰੀ ਰਹਿ ਚੁੱਕੇ ਹਨ, ਛੋਟੇ ਭਰਾ ਹਰਪ੍ਰੀਤ ਸਿੰਘ ਮੰਡੇਰ ਐਸ.ਐਸ.ਪੀ. ਵਿਜੀਲੈਂਸ ਜਲੰਧਰ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਦੋਹਰੇ ਓਲੰਪੀਅਨ ਹਨ | ਲਹਿੰਬਰ ਸਿੰਘ ਮੰਡੇਰ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 25 ਦਸੰਬਰ ਨੂੰ ਅਮਰ ਬਾਗ ਸ਼ਮਸ਼ਾਨਘਾਟ ਲਾਡੋਵਾਲੀ ਰੋਡ ਤੋਂ ਗੁਰੂ ਨਾਨਕ ਪੁਰਾ ਸੜਕ ਜਲੰਧਰ ਵਿਖੇ ਕੀਤਾ ਜਾਵੇਗਾ |