ਡਡਵਿੰਡੀ, 28 ਦਸੰਬਰ (ਦਿਲਬਾਗ ਸਿੰਘ ਝੰਡ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਟਕਸਾਲੀ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਵਿਰਕ, ਜਥੇਦਾਰ ਸੁਖਚੈਨ ਸਿੰਘ ਮਨਿਆਲਾ ਅਤੇ ਜਥੇਦਾਰ ਜਸਬੀਰ ਸਿੰਘ ਡਡਵਿੰਡੀ ਸਾਬਕਾ ਸਰਪੰਚ ਨੇ ਕਿਹਾ ਹੈ ਕਿ ਜਿਵੇਂ ਕਿ ਪੰਜਾਬ ਸਰਕਾਰ ਜਨਵਰੀ ਵਿਚ ਵਿਧਾਨ ਸਭਾ ਇਜਲਾਸ ਬੁਲਾਉਣ ਜਾ ਰਹੀ ਹੈ ਅਤੇ ਉਸ ਇਜਲਾਸ ਵਿਚ ਜਿੱਥੇ ਮਨਰੇਗਾ ਵਿਰੁੱਧ ਮਤਾ ਪਾਸ ਕਰਨ ਜਾ ਰਹੀ ਹੈ, ਉੱਥੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਸਰਕਾਰ ਕੇਂਦਰ ਦੁਆਰਾ ਸੂਬਿਆਂ ਦੇ ਅਧਿਕਾਰ ਖੋਹੇ ਜਾਣ ਦੇ ਵਿਰੁੱਧ, ਬਿਜਲੀ ਸੋਧ ਬਿਲ 2025, ਭਾਰਤ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਅਤੇ ਸੀਡ ਐਕਟ 2025 ਦੇ ਵਿਰੁੱਧ ਵੀ ਮਤਾ ਪਾਸ ਕਰੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਦੇਸ਼ ਦਾ ਸਰਮਾਇਆ ਸੌਂਪ ਦੇਣ ਦੇ ਮਨਸ਼ੇ ਨਾਲ ਹੀ ਨਵੇਂ ਬਿੱਲ ਲਿਆਂਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਨੂੰ ਬਦਲ ਕੇ ਨਵੀਂ ਸਕੀਮ ਤਹਿਤ ਸੂਬਿਆਂ ਨੂੰ ਦੇਣ ਵਾਲਾ 40 ਫ਼ੀਸਦੀ ਫੰਡ ਘਟਾ ਦਿੱਤਾ ਹੈ, ਜਿਸ ਨਾਲ ਸਿੱਧਾ ਹੀ ਕੇਂਦਰ ਸਰਕਾਰ ਨੇ 40 ਫ਼ੀਸਦੀ ਰੋਜ਼ਗਾਰ ਖੋਹ ਲਿਆ ਹੈ | ਉਨ੍ਹਾਂ ਕਿਹਾ ਕਿ ਆਪਣਾ ਹਿੱਸਾ ਪਾਉਣ ਲਈ ਕਰਜ਼ੇ ਦੇ ਜੰਜਾਲ ਵਿਚ ਫਸੇ ਸੂਬੇ ਕਦੀ ਵੀ 30-40 ਹਜ਼ਾਰ ਕਰੋੜ ਦਾ ਬਜਟ ਨਹੀਂ ਰੱਖ ਸਕਦੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਕੇਂਦਰ ਵੱਲੋਂ ਲਏ ਜਾ ਰਹੇ ਕਿਸਾਨ ਮਜ਼ਦੂਰ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ |