ਕਪੂਰਥਲਾ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਦੇ ਮੈਂਬਰ ਇੰਚਾਰਜ ਅਮਰੀਕ ਸਿੰਘ ਚਾਵਲਾ, ਜਗਜੀਤ ਸਿੰਘ ਗਾਬਾ, ਜਗਜੀਤ ਸਿੰਘ ਉੱਪਲ ਤੇ ਹਿੰਮਤ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੇ ਗੁਰ ਮੰਤਰ ਤੇ ਮੂਲ ਮੰਤਰ ਦਾ ਸ਼ਰਧਾ ਭਾਵਨਾ ਨਾਲ ਜਾਪ ਕੀਤਾ ਤੇ ਬਾਅਦ 'ਚ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤੇ | ਸਕੂਲ ਦੀ ਪਿ੍ੰਸੀਪਲ ਸੁਮਨਜੀਤ ਕੌਰ ਵਾਲੀਆ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ, ਸੱਚ ਤੇ ਇਨਸਾਫ਼ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਸਾਰੀ ਮਨੁੱਖਤਾ ਲਈ ਮਿਸਾਲ ਪੇਸ਼ ਕੀਤੀ ਕੀਤੀ | ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਬੱਚਿਆਂ ਲਈ ਸਹੀ ਰਾਹ 'ਤੇ ਚੱਲਣ, ਸੱਚ ਦਾ ਸਾਥ ਨਿਭਾਉਣ ਤੇ ਜੀਵਨ 'ਚ ਨੈਤਿਕ ਮੁੱਲ ਅਪਣਾਉਣ ਲਈ ਪ੍ਰੇਰਨਾ ਦਿੰਦੀਆਂ ਹਨ | ਸਮਾਗਮ 'ਚ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |