ਖਲਵਾੜਾ, 28 ਦਸੰਬਰ (ਮਨਦੀਪ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਮਗਨਰੇਗਾ ਯੋਜਨਾਂ ਦਾ ਨਾਮ ਬਦਲ ਕੇ ਵਿਕਸਤ ਭਾਰਤ ਜੀ ਰਾਮ ਜੀ ਕਰਨ ਨੂੰ ਲੈ ਕੇ ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨੇ ਅੱਜ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਇਹ ਯੋਜਨਾ ਗੁਰਬਤ ਦੇ ਮਾਰੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀ ਪਰਿਵਾਰਾਂ ਨੂੰ ਸੀਮਤ ਦਿਨਾਂ ਲਈ ਗਰੰਟੀਸ਼ੁਦਾ ਰੁਜ਼ਗਾਰ ਦੇਣ ਦੀ ਹਾਮੀ ਭਰਦੀ ਹੈ | ਇਸ ਲਈ ਬੇਸ਼ੱਕ ਯੋਜਨਾ ਦਾ ਨਾਮ ਕੁੱਝ ਵੀ ਹੋਵੇ ਪਰ ਇਸ ਦਾ ਮੰਤਵ ਹਰ ਹਾਲ ਵਿਚ ਪੂਰਾ ਹੋਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਪੰਜ ਮਹੀਨੇ ਤੋਂ ਮਗਨਰੇਗਾ ਕਾਮਿਆਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ | ਜਿਸ ਕਰਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਹਨ | ਆਰਥਕ ਤੰਗੀ ਦੇ ਚੱਲਦਿਆਂ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ | ਇੱਥੋਂ ਤੱਕ ਕੇ ਉਨ੍ਹਾਂ ਨੂੰ ਪਰਿਵਾਰਕ ਜ਼ਰੂਰਤਾਂ ਅਤੇ ਸਿਹਤ ਸਹੂਲਤਾਂ ਲਈ ਤਰਸਣਾ ਪੈ ਰਿਹਾ ਹੈ | ਸਰਪੰਚ ਰਿੰਪਲ ਕੁਮਾਰ ਨੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਇਸ ਯੋਜਨਾਂ ਵਿਚ ਕਾਫ਼ੀ ਸੁਧਾਰ ਕੀਤੇ ਗਏ ਹਨ ਅਤੇ ਰੁਜ਼ਗਾਰ ਦੀ ਗਰੰਟੀ ਨੂੰ 100 ਦਿਨਾਂ ਤੋਂ ਵਧਾ ਕੇ 125 ਦਿਨ ਕੀਤਾ ਜਾ ਰਿਹਾ ਹੈ, ਪਰ ਪਿਛਲੇ ਤਜਰਬੇ ਦੱਸਦੇ ਹਨ ਕਿ ਅਜਿਹੇ ਦਾਅਵੇ ਜ਼ਮੀਨੀ ਤੌਰ 'ਤੇ ਸਚਾਈ ਵਿਚ ਤਬਦੀਲ ਨਹੀਂ ਹੁੰਦੇ | ਇਸ ਲਈ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਿਸ ਉਦੇਸ਼ ਦੇ ਨਾਲ ਪਿਛਲੀ ਸਰਕਾਰ ਨੇ ਇਸ ਯੋਜਨਾਂ ਨੂੰ ਲਾਗੂ ਕੀਤਾ ਸੀ, ਉਸ ਉਦੇਸ਼ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇ ਤਾਂ ਜੋ ਮਗਨਰੇਗਾ ਕਾਮੇ ਭੁੱਖਮਰੀ ਦਾ ਸ਼ਿਕਾਰ ਨਾ ਹੋਣ |