ਵਿਰਾਸਤੀ ਮਾਰਗ 'ਚ ਆਇਆ ਸੰਗਤ ਦਾ ਸੈਲਾਬ
ਅੰਮਿ੍ਤਸਰ, 31 ਦਸੰਬਰ (ਜਸਵੰਤ ਸਿੰਘ ਜੱਸ)-1 ਜਨਵਰੀ, 2026 ਨੂੰ ਨਵਾਂ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਕੇ ਅਤੇ ਪਰਿਵਾਰਕ ਸੱੁਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਮਨਾਉਣ ਲਈ ਇਨ੍ਹੀਂ ਦਿਨੀਂ ਜ਼ਿਲੇ੍ਹ 'ਚ ਪੈ ਰਹੀ ਭਾਰੀ ਧੁੰਦ ਅਤੇ ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼-ਵਿਦੇਸ਼ ਤੋਂ ਰਿਕਾਰਡ ਗਿਣਤੀ ਵਿਚ ਸੰਗਤਾਂ ਅੱਜ ਸ਼ਾਮ ਤੱਕ ਹੀ ਗੁਰੂ ਨਗਰੀ ਵਿਚ ਪੁੱਜ ਗਈਆਂ | ਅੱਜ 31 ਦਸੰਬਰ ਦੀ ਦੇਰ ਅੱਧੀ ਰਾਤ ਨੂੰ ਜਿਉਂ ਹੀ ਘੜੀਆਂ ਦੀਆਂ ਸੂਈਆਂ 12 ਵਜੇ ਤੋਂ ਕੁਝ ਸੈਕਿੰਡ ਅੱਗੇ ਟੱਪੀਆਂ ਅਤੇ ਕੈਲੰਡਰ ਦਾ ਵਰਕਾ ਪਲਟਿਆ ਤਾਂ ਨਵਾਂ ਸਾਲ ਗੁਰੂ ਦੀ ਗੋਦ ਵਿਚ ਮਨਾਉਣ ਆਏ ਸ਼ਰਧਾਲੂਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਤੇ ਵਾਹਿਗੁਰੂ ਸਿਮਰਨ ਕਰਦਿਆਂ ਨਵੇਂ ਸਾਲ ਨੂੰ ਜੀਅ ਆਇਆਂ ਆਖਿਆ | ਅੱਜ ਦੇਰ ਰਾਤ ਤੱਕ ਦੂਰੋਂ ਨੇੜਿਓਾ ਲੱਖਾਂ ਸ਼ਰਧਾਲੂ ਨਵਾਂ ਸਾਲ ਗੁਰੂ ਘਰ ਵਿਚ ਮਨਾਉਣ ਲਈ ਅੰਮਿ੍ਤਸਰ ਪੁੱਜ ਚੱੁਕੇ ਸਨ | ਗੁਰੂ ਘਰ ਦੀ ਪਰਿਕਰਮਾ ਅਤੇ ਬਾਹਰ ਵਿਰਾਸਤੀ ਮਾਰਗ 'ਤੇ ਹਰ ਪਾਸੇ ਇਕ ਤਰ੍ਹਾਂ ਸੰਗਤਾਂ ਦਾ ਹੜ੍ਹ ਨਜ਼ਰ ਆ ਰਿਹਾ ਸੀ | ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਹੋਰ ਪ੍ਰਮੁੱਖ ਚੌਕਾਂ ਵਿਚ ਆਵਾਜਾਈ ਜਾਮ ਵਰਗੀ ਸਥਿਤੀ ਬਣੀ ਹੋਈ ਸੀ | ਅੱਜ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਵੀ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੰਬਾ ਸਮਾਂ ਕਤਾਰਾਂ ਵਿਚ ਖੜੇ੍ਹ ਹੋਣਾ ਪਿਆ | ਸੰਗਤਾਂ ਦੀ ਭਾਰੀ ਆਮਦ ਕਾਰਨ ਵਾਹਨ ਪਾਰਕਿੰਗ ਫੁੱਲ ਹੋ ਗਈ | ਅੱਜ ਸ਼ਾਮ ਤੱਕ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਚ ਵੀ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਸੁਮੰਦਰ ਨਜ਼ਰ ਆ ਰਿਹਾ ਸੀ |
ਨਵਾਂ ਵਰ੍ਹਾ '2026' ਮਨਾਉਣ ਲਈ ਵੱਡੀ ਗਿਣਤੀ 'ਚ ਗੁਰੂ ਨਗਰੀ ਪੁੱਜੇ ਸ਼ਰਧਾਲੂ
ਅਜੀਤ ਡੈਸਕ
01-01-2026