ਠੰਢੀਆਂ ਹਵਾਵਾਂ ਤੇ ਸੰਘਣੀ ਧੁੰਦ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
ਚੰਡੀਗੜ੍ਹ/ਨਵੀਂ ਦਿੱਲੀ, 31 ਦਸੰਬਰ (ਪੀ. ਟੀ. ਆਈ., ਮਿਸਰਦੀਪ ਭਾਟੀਆ)-ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਸਮੁੱਚਾ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ 'ਚ ਹੈ | ਠੰਢੀਆਂ ਹਵਾਵਾਂ ਅਤੇ ਸੰਘਣੀ ਧੁੰਦ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਘੱਟੋ-ਘੱਟ 150 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 200 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ, ਜਿਸ ਕਾਰਨ ਹਵਾਈ ਅੱਡਾ ਅਧਿਕਾਰੀਆਂ ਨੂੰ 'ਓਰੇਂਜ ਅਲਰਟ' ਜਾਰੀ ਕਰਨਾ ਪਿਆ | ਸੜਕ ਅਤੇ ਰੇਲ ਆਵਾਜਾਈ 'ਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ, ਜਿੱਥੇ ਵਿਜ਼ੀਬਿਲਟੀ ਮਹਿਜ਼ 50 ਮੀਟਰ ਤੱਕ ਰਹਿ ਗਈ | ਇਸ ਦੇ ਨਾਲ ਹੀ ਦਿੱਲੀ ਦੀ ਹਵਾ ਦੀ ਗੁਣਵੱਤਾ (ਏ. ਕਿਊ. ਆਈ.) 384 ਦਰਜ ਕੀਤੀ ਗਈ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਵਿੱਚ ਆਉਂਦੀ ਹੈ | ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਠੰਢ ਹੋਰ ਵਧਣ ਅਤੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ | ਬੀਤੇ 24 ਘੰਟਿਆਂ ਦੌਰਾਨ ਅੰਮਿ੍ਤਸਰ ਵਿਚ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ, ਲੁਧਿਆਣਾ 'ਚ 6.8 ਡਿਗਰੀ, ਪਟਿਆਲਾ 'ਚ 7.2 ਡਿਗਰੀ, ਬਠਿੰਡਾ 'ਚ 7.2 ਡਿਗਰੀ ਸੈਲਸੀਅਸ, ਪਠਾਨਕੋਟ 'ਚ 8.5 ਡਿਗਰੀ, ਫ਼ਰੀਦਕੋਟ 'ਚ 7 ਡਿਗਰੀ ਅਤੇ ਗੁਰਦਾਸਪੁਰ 'ਚ 5.2 ਡਿਗਰੀ ਸੈਲਸੀਅਸ ਰਿਹਾ | ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ ਦੇ ਅੰਬਾਲਾ 'ਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ, ਹਿਸਾਰ 'ਚ 7.1 ਡਿਗਰੀ, ਕਰਨਾਲ 'ਚ 6.2 ਡਿਗਰੀ, ਨਾਰਨੌਲ 'ਚ 4.5 ਡਿਗਰੀ ਅਤੇ ਰੋਹਤਕ ਵਿਚ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਦੂਜੇ ਪਾਸੇ, ਰਾਜਧਾਨੀ ਦਿੱਲੀ ਦਾ ਹਵਾ ਗੁਣਵੱਤਾ ਸੂਚਕਅੰਕ (ਏ.ਕਿਊ.ਆਈ) 384 ਦਰਜ ਕੀਤਾ ਗਿਆ, ਜੋ 'ਬਹੁਤ ਖ਼ਰਾਬ' ਤੋਂ 'ਗੰਭੀਰ' ਸ਼੍ਰੇਣੀ ਵਿਚ ਆਉਂਦਾ ਹੈ |
ਅੰਮਿ੍ਤਸਰ ਹਵਾਈ ਅੱਡੇ 'ਤੇ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਅੱਜ ਮੁੜ ਸੰਘਣੀ ਧੁੰਦ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚਾਰ ਅੰਤਰਰਾਸ਼ਟਰੀ ਤੇ ਪੰਜ ਘਰੇਲੂ ਉਡਾਣਾਂ ਰੱਦ ਹੋ ਗਈਆਂ, ਜਦੋਂਕਿ ਸ਼ਾਮ ਨੂੰ ਕੁਆਲਾਲੰਪੁਰ ਤੋਂ 6.30 ਵਜੇ ਪੁੱਜਣ ਵਾਲੀ ਏਅਰ ਏਸ਼ੀਆ ਉਡਾਣ ਨੂੰ ਅੰਮਿ੍ਤਸਰ ਹਵਾਈ ਅੱਡੇ ਦੇ ਉੱਪਰੋਂ ਹੀ ਦਿੱਲੀ ਵੱਲ ਮੋੜ ਦਿੱਤਾ ਗਿਆ | ਰਾਤ ਕਰੀਬ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਈਨ ਦੀ ਉਡਾਣ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਦੁਬਈ ਤੋਂ ਰਾਤ 1 ਵਜੇ ਪੁੱਜਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ, ਜਦੋਂਕਿ ਘਰੇਲੂ ਉਡਾਣਾਂ 'ਚ ਪੁਣੇ, ਸ੍ਰੀਨਗਰ ਤੇ ਤਿੰਨ ਦਿੱਲੀ ਦੀਆਂ ਉਡਾਣਾਂ ਰੱਦ ਹੋ ਗਈਆਂ |
ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ 'ਚ
ਅਜੀਤ ਡੈਸਕ
01-01-2026