ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਲਗਾਈ ਅੱਗ
ਨਵੀਂ ਦਿੱਲੀ, 1 ਜਨਵਰੀ (ਏਜੰਸੀ)-ਬੰਗਲਾਦੇਸ਼ 'ਚ ਹਿੰਦੂਆਂ ਖਿਲਾਫ਼ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ | ਇਕ ਹੋਰ ਘਟਨਾ 'ਚ ਸ਼ਰੀਅਤਪੁਰ ਜ਼ਿਲ੍ਹੇ 'ਚ ਖੋਕਨ ਚੰਦਰ ਦਾਸ (50) ਨਾਂਅ ਦੇ ਇਕ ਹਿੰਦੂ ਕਾਰੋਬਾਰੀ ਨੂੰ ਭੀੜ ਨੇ ਘੇਰ ਲਿਆ | ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਫਿਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਤੇ ਬਾਅਦ 'ਚ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ | ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਮਲਾ ਬੁੱਧਵਾਰ 31 ਦਸੰਬਰ ਰਾਤ ਕਰੀਬ 9 ਵਜੇ ਕਨੇਸ਼ਰ ਯੂਨੀਅਨ ਦੇ ਤਿਲੋਈ ਇਲਾਕੇ 'ਚ ਹੋਇਆ | ਖੋਕਨ ਚੰਦਰ ਪੁੱਤਰ ਪਰੇਸ਼ ਚੰਦਰ ਦਾਸ ਦਾਮੁਦਿਆ ਦੇ ਕੇਓਰਭੰਗਾ ਬਾਜ਼ਾਰ 'ਚ ਫਾਰਮੇਸੀ ਦੁਕਾਨ ਦੇ ਨਾਲ ਨਾਲ ਮੋਬਾਈਲ ਬੈਂਕਿੰਗ ਕਾਰੋਬਾਰ ਵੀ ਚਲਾਉਂਦਾ ਹੈ | ਖੋਕਨ ਚੰਦਰ ਆਪਣੀ ਦੁਕਾਨ ਬੰਦ ਕਰਕੇ ਆਟੋ-ਰਿਕਸ਼ੇ 'ਤੇ ਆਪਣੇ ਘਰ ਆ ਰਿਹਾ ਸੀ ਤੇ ਜਦੋਂ ਤਿਲੋਈ ਖੇਤਰ 'ਚ ਪੁੱਜਾ ਤਾਂ ਬਦਮਾਸ਼ਾਂ ਦੇ ਇਕ ਗਰੁੱਪ ਨੇ ਉਸ ਨੂੰ ਰੋਕ ਲਿਆ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਵਾਰ ਕੀਤੇ ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ, ਆਪਣੀ ਜਾਨ ਬਚਾਉਣ ਲਈ ਖੋਕਨ ਚੰਦਰ ਨੇ ਨੇੜੇ ਇਕ ਤਲਾਬ 'ਚ ਛਾਲ ਮਾਰ ਦਿੱਤੀ | ਬਾਅਦ 'ਚ ਸਥਾਨਕ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ | ਉਸ ਦੀ ਪਤਨੀ ਸੀਮਾ ਦਾਸ ਨੇ ਕਿਹਾ ਕਿ ਪਰਿਵਾਰ ਸਮਝ ਨਹੀਂ ਸਕਿਆ ਕਿ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ | ਦਾਮੁਦਿਆ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੁਹੰਮਦ ਰਬੀਉਲ ਹੱਕ ਨੇ ਕਿਹਾ ਕਿ ਦੋ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਰੱਬੀ ਅਤੇ ਸੋਹਾਗ ਵਜੋਂ ਹੋਈ ਹੈ, ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ |
ਬੰਗਲਾਦੇਸ਼ 'ਚ ਹਿੰਦੂ ਕਾਰੋਬਾਰੀ 'ਤੇ ਹਮਲਾ
ਅਜੀਤ ਡੈਸਕ
02-01-2026