ਅੰਮਿ੍ਤਸਰ, 1 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਬੱਸ ਅਤੇ ਇਕ ਵੈਨ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ 'ਚ ਘੱਟੋ-ਘੱਟ 14 ਯਾਤਰੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ | ਝੰਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਲੀ ਅਕਬਰ ਨੇ ਮੀਡੀਆ ਨੂੰ ਦੱਸਿਆ ਕਿ ਦੁਰਘਟਨਾਗ੍ਰਸਤ ਹੋਈ ਬੱਸ ਝੰਗ ਜ਼ਿਲ੍ਹੇ ਤੋਂ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਖੇਡ ਸਮਾਗਮ ਵਿਚ ਹਿੱਸਾ ਲੈਣ ਲਈ ਲਾਹੌਰ ਲੈ ਜਾ ਰਹੀ ਸੀ, ਪਰ ਰਸਤੇ 'ਚ ਉਹ ਵੈਨ ਨਾਲ ਟਕਰਾਅ ਗਈ | ਉਨ੍ਹਾਂ ਕਿਹਾ ਕਿ ਇਹ ਹਾਦਸਾ ਦੋਵਾਂ ਵਾਹਨਾਂ ਦੇ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ | ਦੋਵੇਂ ਵਾਹਨਾਂ 'ਚੋਂ ਇਕ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਦੋਂਕਿ ਦੂਜਾ ਇਕ ਟਰੈਕਟਰ ਨੂੰ ਪਾਰ ਕਰ ਰਿਹਾ ਸੀ | ਅਧਿਕਾਰੀ ਨੇ ਅੱਗੇ ਕਿਹਾ ਕਿ 9 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5 ਹੋਰਾਂ ਨੇ ਬਾਅਦ ਵਿਚ ਹਸਪਤਾਲ 'ਚ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ |