29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਬੀਬੀ ਪ੍ਰਕਾਸ਼ ਕੌਰ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 02-01-2026

ਮੁੱਖ ਮੰਤਰੀ ਤੇ ਹੋਰ ਵੱਖ-ਵੱਖ ਸਿਆਸੀ ਆਗੂਆਂ ਵਲੋਂ ਡਾ. ਹਮਦਰਦ ਨਾਲ ਦੁੱਖ ਦਾ ਪ੍ਰਗਟਾਵਾ
ਜਲੰਧਰ, 1 ਜਨਵਰੀ (ਜਸਪਾਲ ਸਿੰਘ)-ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਬੀਬੀ ਪ੍ਰਕਾਸ਼ ਕੌਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਕਰੀਬ 83 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਆਖਰੀ ਸਾਹ ਲਿਆ | ਬੀਬੀ ਪ੍ਰਕਾਸ਼ ਕੌਰ ਦਾ ਅੰਤਿਮ ਸੰਸਕਾਰ ਮਾਡਲ ਟਾਊਨ, ਜਲੰਧਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਮਿ੍ਤਕ ਦੇਹ 'ਤੇ ਫੁੱਲ ਮਾਲਾਵਾਂ ਤੇ ਦੁਸ਼ਾਲੇ ਚੜ੍ਹਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇੱਥੇ ਦੱਸਣਯੋਗ ਹੈ ਕਿ ਬੀਬੀ ਪ੍ਰਕਾਸ਼ ਕੌਰ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵਿੱਦਿਅਕ ਖੇਤਰ ਤੋਂ ਕੀਤੀ ਸੀ ਤੇ ਸਾਲ 1977 'ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਸਾਥੀ ਬਣੇ | ਬਾਅਦ 'ਚ ਉਹ ਲਗਾਤਾਰ ਅਦਾਰਾ 'ਅਜੀਤ' ਨਾਲ ਜੁੜੇ ਰਹੇ ਤੇ ਉਮਰ ਭਰ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ | ਇਸ ਤੋਂ ਇਲਾਵਾ ਉਹ ਸਾਹਿਤਕ ਖੇਤਰ 'ਚ ਵੀ ਲਗਾਤਾਰ ਸਰਗਰਮ ਰਹੇ ਤੇ ਉਨ੍ਹਾਂ ਨੇ ਅਨੇਕਾਂ ਰਚਨਾਵਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ | ਉਨ੍ਹਾਂ ਦੀਆਂ ਕਈ ਰਚਨਾਵਾਂ ਅਦਾਰਾ 'ਅਜੀਤ' 'ਚ ਵੀ ਸਮੇਂ-ਸਮੇਂ 'ਤੇ ਛਪਦੀਆਂ ਰਹੀਆਂ ਤੇ ਖਾਸ ਕਰਕੇ ਉਨ੍ਹਾਂ ਵਲੋਂ 'ਅਜੀਤ' ਵਿਚ ਹਮਦਰਦ ਜੀ ਦੇ ਜੀਵਨ ਦੇ ਪ੍ਰਭਾਵਾਂ ਬਾਰੇ ਲਿਖੀ ਇਕ ਲੰਬੀ ਲੇਖ ਲੜੀ ਵੀ ਲਿਖੀ ਗਈ | ਬੀਬੀ ਪ੍ਰਕਾਸ਼ ਕੌਰ ਟਰੱਸਟੀ-ਸਕੱਤਰ ਹੋਣ ਦੇ ਨਾਤੇ ਅਦਾਰਾ 'ਅਜੀਤ' ਨੂੰ ਅੱਗੇ ਵਧਾਉਣ ਲਈ ਵੀ ਲਗਾਤਾਰ ਯਤਨ ਕਰਦੇ ਰਹੇ | ਟਰੱਸਟ ਦੀ ਛਤਰ-ਛਾਇਆ ਹੇਠ ਅਦਾਰਾ 'ਅਜੀਤ' ਵਲੋਂ ਸਮੇਂ-ਸਮੇਂ 'ਤੇ ਕੀਤੇ ਗਏ ਸਮਾਜਿਕ ਕਾਰਜਾਂ 'ਚ ਵੀ ਉਹ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ | 'ਅਜੀਤ' ਵਲੋਂ ਸਮੇਂ-ਸਮੇਂ ਆਈਆਂ ਕਈ ਤਰ੍ਹਾਂ ਦੀਆਂ ਆਫਤਾਂ ਵਿਚ ਲੋੜਵੰਦਾਂ ਲਈ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਵਿਚ ਵੀ ਉਹ ਅਹਿਮ ਹਿੱਸਾ ਰਹੇ ਤੇ ਹਾਲ ਹੀ 'ਚ ਸੂਬੇ ਅੰਦਰ ਆਏ ਭਿਆਨਕ ਹੜ੍ਹਾਂ ਦੀ ਤਬਾਹੀ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਅਦਾਰੇ ਵਲੋਂ ਕੀਤੇ ਗਏ ਰਾਹਤ ਕਾਰਜਾਂ ਨਾਲ ਵੀ ਉਹ ਬਹੁਤ ਨੇੜੇ ਤੋਂ ਜੁੜੇ ਰਹੇ | ਡਾ. ਹਮਦਰਦ ਜੀ ਦੇ ਜੀਵਨ 'ਚ ਵੀ ਉਨ੍ਹਾਂ ਦਾ ਯੋਗਦਾਨ ਬਹੁਤ ਅਹਿਮ ਰਿਹਾ | ਬੀਬੀ ਪ੍ਰਕਾਸ਼ ਕੌਰ ਦੇ ਸਵਰਗਵਾਸ ਹੋਣ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਟਰੱਸਟ ਅਤੇ ਅਦਾਰੇ ਦੀ ਬਿਹਤਰੀ ਲਈ ਉਨ੍ਹਾਂ ਵਲੋਂ ਪਿਛਲੇ ਕਰੀਬ ਸਾਢੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਨੇ ਸਮੁੱਚੇ ਅਦਾਰੇ ਨੂੰ ਲਗਾਤਾਰ ਉਤਸ਼ਾਹ ਭਰਪੂਰ ਬਣਾਈ ਰੱਖਣ 'ਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਬੀਬੀ ਪ੍ਰਕਾਸ਼ ਕੌਰ ਦੇ ਵਿਛੋੜੇ ਨਾਲ 'ਅਜੀਤ' ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਨੂੰ ਪੂਰਾ ਕੀਤਾ ਜਾ ਸਕਣਾ ਬੇਹੱਦ ਮੁਸ਼ਕਿਲ ਹੈ | ਇਸ ਮੌਕੇ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਚੇਅਰਮੈਨ ਸ. ਪ੍ਰੇਮ ਸਿੰਘ ਐਡਵੋਕੇਟ, ਟਰੱਸਟੀ ਸ. ਸੁਰਿੰਦਰ ਸਿੰਘ ਵਿਰਦੀ, ਬੀਬੀ ਸਰਬਜੀਤ ਕੌਰ ਤੇ ਸ. ਗੁਰਚਰਨ ਸਿੰਘ ਸਿਆਲ (ਚਾਰਟਰਡ ਅਕਾਊਟੈਂਟ) ਨੇ ਵੀ ਬੀਬੀ ਪ੍ਰਕਾਸ਼ ਕੌਰ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ | ਬੀਬੀ ਪ੍ਰਕਾਸ਼ ਕੌਰ ਦੇ ਅੰਤਿਮ ਸੰਸਕਾਰ ਮੌਕੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ, ਡਾ. ਲਖਵਿੰਦਰ ਸਿੰਘ ਜੌਹਲ, ਸ. ਸੁਰਿੰਦਰਪਾਲ ਸਿੰਘ ਗਵਾਲੀਅਰ, ਸ. ਪਰਮਵੀਰ ਸਿੰਘ, ਸ. ਹਰਪ੍ਰੀਤ ਸਿੰਘ ਤੇ ਗੁਰਜੋਤ ਕੌਰ ਸਮੇਤ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਤੋਂ ਪਹਿਲਾਂ ਅਦਾਰਾ 'ਅਜੀਤ' ਦੇ ਮੁੱਖ ਦਫਤਰ 'ਚ ਵੀ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਸਟਾਫ ਮੈਂਬਰਾਂ ਤੇ ਵੱਖ-ਵੱਖ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਬੀਬੀ ਪ੍ਰਕਾਸ਼ ਕੌਰ ਦੀ ਮਿ੍ਤਕ ਦੇਹ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਬੀਬੀ ਪ੍ਰਕਾਸ਼ ਕੌਰ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 6 ਜਨਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪਟੇਲ ਚੌਕ ਤੋਂ ਬਿਧੀਪੁਰ ਤੱਕ ਗਰੀਨ ਬੈਲਟ ਬਣਾਉਣ ਦੀ ਧੀਮੀ ਗਤੀ ਤੋਂ ਮੇਅਰ ਨਾਰਾਜ਼ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਸ਼ੂਆਂ ਨੂੰ ਸੜਕਾਂ ਤੇ ਜਨਤਕ ਥਾਵਾਂ 'ਤੇ ਛੱਡਣ 'ਤੇ ਪਾਬੰਦੀ
Ad Position 24