ਨਵੀਂ ਦਿੱਲੀ, 2 ਜਨਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਦੌਰ ਦੇ ਭਾਗੀਰਥਪੁਰਾ ਇਲਾਕੇ 'ਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ 'ਤੇ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇੰਦੌਰ 'ਚ ਜ਼ਹਿਰ ਵੰਡਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕੁੰਭਕਰਨ ਵਾਂਗ ਸੌ ਰਿਹਾ ਹੈ | ਰਾਹੁਲ ਗਾਂਧੀ ਨੇ ਭਾਜਪਾ ਨੇਤਾ ਕੈਲਾਸ਼ ਵਿਜੈ ਵਰਗੀਆ ਵਲੋਂ ਦਿੱਤੇ ਅਸੰਵੇਦਨਸ਼ੀਲ ਬਿਆਨ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਘਰ-ਘਰ ਮਾਤਮ ਹੈ, ਗ਼ਰੀਬ ਬੇਬਸ ਹਨ ਅਤੇ ਉਪਰੋਂ ਭਾਜਪਾ ਨੇਤਾਵਾਂ ਦੇ ਹੰਕਾਰੀ ਬਿਆਨ | ਰਾਹੁਲ ਗਾਂਧੀ ਨੇ ਭਾਜਪਾ ਨੇਤਾ ਨੂੰ ਨਿਸ਼ਾਨਾ ਬਣਾਦਿਆਂ ਕਿਹਾ ਕਿ ਇਹ 'ਫੋਕਟ' ਸਵਾਲ ਨਹੀਂ, ਇਹ ਜਵਾਬਦੇਹੀ ਦੀ ਮੰਗ ਹੈ |