ਹਵਾ 'ਚ ਵਧ ਰਹੀ ਨਮੀ ਦੇ ਮੱਦੇਨਜ਼ਰ ਪੰਜਾਬ ਦੇ ਖੇਤੀਬਾੜੀ ਅਧਿਕਾਰੀ ਡਾ. ਗੁਰਮੇਲ ਸਿੰਘ ਨੇ ਪੰਜਾਬ ਦੇ ਆਲੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ 'ਚ ਬਾਰਿਸ਼ ਥੋੜ੍ਹੀ ਹੋਈ ਹੈ, ਜੋ ਸਬਜ਼ੀਆਂ ਲਈ ਲਾਹੇਵੰਦ ਰਹੇਗੀ ਪਰ ਆਲੂ ਦੀ ਫ਼ਸਲ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ | ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਹਵਾ ਵਿਚ ਨਮੀ ਦੀ ਮਾਤਰਾ ਵਧਣ ਕਾਰਨ ਆਲੂ ਦੀ ਫ਼ਸਲ 'ਚ ਪਿਛੇਤਾ ਝੁਲਸ ਰੋਗ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਹਾਲਤ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਉੱਲੀ ਨਾਸ਼ਕ ਸਪਰੇਅ ਕੀਤੇ ਜਾ ਸਕਦੇ ਹਨ |