ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ)-ਸਰਕਾਰੀ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਪਾਕਿਸਤਾਨੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਵਿਚ ਭਾਰਤੀ ਫ਼ੌਜੀ ਟਿਕਾਣਿਆਂ 'ਤੇ ਕਥਿਤ ਹਮਲਿਆਂ ਦੀਆਂ ਗੁੰਮਰਾਹਕੁੰਨ ਅਤੇ ਅਣਪਛਾਤੀਆਂ ਉਪਗ੍ਰਹਿ ਤਸਵੀਰਾਂ ਫੈਲਾਈਆਂ ਜਾ ਰਹੀਆਂ ਹਨ | ਇਹ ਕਾਰਵਾਈ ਪਿਛਲੇ ਸਾਲ ਹੋਏ ਆਪ੍ਰੇਸ਼ਨ ਸੰਧੂਰ ਦੌਰਾਨ ਹੋਏ ਨੁਕਸਾਨ ਦਾ ਝੂਠਾ ਬਿਰਤਾਂਤ ਸਿਰਜਣ ਦੀ ਇਕ ਨਾਕਾਮ ਕੋਸ਼ਿਸ਼ ਹੈ | ਸੁਤੰਤਰ ਜਾਂਚ ਅਤੇ ਤਸਵੀਰਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਅੰਮਿ੍ਤਸਰ ਸਮੇਤ ਪੰਜਾਬ ਦੇ ਕਿਸੇ ਵੀ ਫ਼ੌਜੀ ਇਲਾਕੇ ਵਿਚ ਕੋਈ ਤਬਾਹੀ ਜਾਂ ਨੁਕਸਾਨ ਨਹੀਂ ਹੋਇਆ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਭ ਪੁਰਾਣੇ ਪ੍ਰਚਾਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੈ, ਜੋ ਕਿ ਤੱਥਾਂ ਦੀ ਕਸੌਟੀ 'ਤੇ ਬਿਲਕੁਲ ਗਲਤ ਸਾਬਤ ਹੋ ਰਹੀ ਹੈ | ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ 7 ਮਈ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਚਾਰ ਦਿਨਾਂ ਤੱਕ ਫ਼ੌਜੀ ਟਕਰਾਅ ਰਿਹਾ ਸੀ | ਸੱਤ ਮਹੀਨਿਆਂ ਬਾਅਦ ਅਚਾਨਕ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ਵਿਚ ਨਾ ਤਾਂ ਕੋਈ ਭਰੋਸੇਯੋਗ ਸਮਾਂ ਦੱਸਿਆ ਗਿਆ ਹੈ ਅਤੇ ਨਾ ਹੀ ਉਪਗ੍ਰਹਿ ਸਰੋਤ ਦਾ ਵੇਰਵਾ ਦਿੱਤਾ ਗਿਆ ਹੈ | ਭਾਰਤੀ ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਟਿਕਾਣਿਆਂ 'ਤੇ ਹਮਲੇ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉੱਥੇ ਕਿਸੇ ਵੀ ਤਰ੍ਹਾਂ ਦੇ ਧਮਾਕੇ ਜਾਂ ਢਾਂਚਾਗਤ ਨੁਕਸਾਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ | ਇਹ ਸਪੱਸ਼ਟ ਤੌਰ 'ਤੇ ਭਾਰਤ ਵਿਰੁੱਧ ਇੱਕ ਯੋਜਨਾਬੱਧ ਗ਼ਲਤ ਸੂਚਨਾ ਮੁਹਿੰਮ ਦਾ ਹਿੱਸਾ ਹੈ |