ਨਵੀਂ ਦਿੱਲੀ, 4 ਜਨਵਰੀ (ਜਗਤਾਰ ਸਿੰਘ)-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 'ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਕਾ ਗਰੰਟੀ ਮਿਸ਼ਨ-ਗ੍ਰਾਮੀਣ' (ਵੀ.ਬੀ.-ਜੀ ਰਾਮ ਜੀ) ਯੋਜਨਾ ਦਾ ਉਦੇਸ਼ ਮਜ਼ਦੂਰਾਂ, ਕਿਸਾਨਾਂ ਅਤੇ ਇਸ 'ਚ ਸ਼ਾਮਿਲ ਹੋਰਾਂ ਦੀ ਰੱਖਿਆ ਕਰਨਾ ਹੈ ਅਤੇ ਇਸ 'ਚ ਬੇਰੁਜ਼ਗਾਰੀ ਭੱਤੇ ਦੇ ਨਿਯਮਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਜਦ ਕਿ ਕਾਂਗਰਸ ਇਸ ਯੋਜਨਾ ਬਾਰੇ ਅਫ਼ਵਾਹਾਂ ਫੈਲਾਅ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਪਿਛਲੀ ਯੋਜਨਾ ਭਾਵ 'ਮਗਨਰੇਗਾ' ਭਿ੍ਸ਼ਟਾਚਾਰ ਦਾ ਸਮਾਨਾਰਥੀ ਬਣ ਗਿਆ ਸੀ, ਜਿਥੇ ਮਜ਼ਦੂਰਾਂ ਨੂੰ ਅਕਸਰ ਹਾਸ਼ੀਏ 'ਤੇ ਧੱਕ ਕੇ ਸ਼ੋਸ਼ਣ ਕੀਤਾ ਜਾਂਦਾ ਸੀ | ਉਨ੍ਹਾਂ ਕਿਹਾ ਕਿ ਗ੍ਰਾਮ ਸਭਾਵਾਂ (ਪਿੰਡ ਪ੍ਰੀਸ਼ਦਾਂ) ਦੁਆਰਾ ਕਰਵਾਏ ਗਏ ਸਮਾਜਿਕ ਆਡਿਟ 'ਚ 10 ਲੱਖ ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ | ਵਿਕਾਸ ਦੇ ਨਾਂਅ 'ਤੇ ਉਹੀ ਕੰਮ ਵਾਰ ਵਾਰ ਕੀਤਾ ਜਾ ਰਿਹਾ ਸੀ, ਇਕੋ ਹੀ ਸੜਕ, ਇਕ ਸਾਲ, ਦੋ ਸਾਲ ਜਾਂ ਤਿੰਨ ਸਾਲ ਤੱਕ ਬਣਾਈ ਜਾ ਰਹੀ ਸੀ, ਨਹਿਰ ਅਤੇ ਸੜਕ ਕਿਨਾਰੇ ਸਫ਼ਾਈ ਦੇ ਨਾਂਅ 'ਤੇ ਪੈਸੇ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਅਤੇ 80 ਸਾਲ ਤੋਂ ਵੱਧ ਉਮਰ ਦੇ ਮਜ਼ਦੂਰ ਕੰਮ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਨਾਲ ਕਾਂਗਰਸ ਦਰਦ ਮਹਿਸੂਸ ਕਰ ਰਹੀ ਹੈ, ਕਿਉਂਕਿ ਭਿ੍ਸ਼ਟਾਚਾਰ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ |
'ਜੀ ਰਾਮ ਜੀ' ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ-ਸ਼ਿਵਰਾਜ <br/>
ਅਜੀਤ ਡੈਸਕ
05-01-2026