ਹਠੂਰ (ਜਗਰਾਉਂ), 5 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ (35) ਪੁੱਤਰ ਗੁਰਦੀਪ ਸਿੰਘ ਪਿੰਡ ਮਾਣੂੰਕੇ ਦੀ ਅੱਜ ਲਗਭਗ 2 ਵਜੇ ਦੇ ਕਰੀਬ ਸਰਕਾਰੀ ਆਈ. ਟੀ. ਆਈ. ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪਤਾ ਲਗਦਿਆਂ ਹੀ ਡੀ. ਆਈ. ਜੀ. ਸਤਿੰਦਰ ਸਿੰਘ ਪਿੰਡ ਮਾਣੂੰਕੇ ਵਿਖੇ ਮੌਕੇ 'ਤੇ ਪੁੱਜੇ | ਉਨ੍ਹਾਂ ਨੇ ਦੱਸਿਆ ਕਿ ਉਕਤ ਲੜਾਈ ਪਿੰਡ ਦੇ ਹੀ ਦੋ ਨੌਜਵਾਨਾਂ ਗਗਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਮੋਟੂ ਵਿਚ ਆਪਸੀ ਰੰਜਿਸ਼ ਕਾਰਨ ਹੋਈ ਹੈ | ਪਹਿਲਾਂ ਸਵੇਰੇ ਇਨ੍ਹਾਂ ਦੀ ਲੜਾਈ ਹੋਈ ਅਤੇ ਫਿਰ ਬਾਹਰੋਂ ਬੰਦੇ ਬੁਲਾ ਕੇ ਦੁਬਾਰਾ ਕਰੀਬ 2 ਵਜੇ ਸਰਕਾਰੀ ਆਈ. ਟੀ. ਆਈ. ਨੇੜੇ ਮੰਡੀ ਵਿਚ ਇਨ੍ਹਾਂ ਦੀ ਫਿਰ ਲੜਾਈ ਹੋਈ, ਜਿਸ ਵਿਚ ਚਾਰ ਪੰਜ ਫਾਇਰ ਕੀਤੇ ਗਏ ਜਿਸ ਨਾਲ ਗਗਨਦੀਪ ਸਿੰਘ ਦੇ ਗੋਲੀਆਂ ਲੱਗੀਆਂ ਅਤੇ ਉਸ ਨੇ ਦਮ ਤੋੜ ਦਿੱਤਾ | ਇਸ ਸੰਬੰਧੀ ਪਰਿਵਾਰਕ ਮੈਂਬਰਾਂ ਅਨੁਸਾਰ ਮੁਢਲੀ ਰਿਪੋਰਟ ਵਿਚ ਗੁਰਸੇਵਕ ਸਿੰਘ ਮੋਟੂ ਅਤੇ ਬਾਕੀਆਂ ਵਿਚੋਂ ਇਕ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ | ਉਕਤ ਘਟਨਾ ਦੇਖਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਆਈ.ਟੀ.ਆਈ. ਵੱਲ ਅੱਠ ਨੌ ਫਾਇਰ ਹੋਣ ਉਪਰੰਤ ਗਗਨਦੀਪ ਸਿੰਘ ਉੱਥੋਂ ਭੱਜ ਕੇ ਆਪਣੇ ਘਰ ਵੱਲ ਨੂੰ ਦੌੜਿਆ ਅਤੇ ਅੱਗੇ ਕਣਕ ਦੇ ਖੇਤ ਵਿਚ ਡਿਗ ਪਿਆ, ਉਸ ਦਾ ਪਿੱਛਾ ਕਰਦੇ ਆ ਰਹੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਪਰਿਵਾਰਕ ਮੈਂਬਰ ਜਗਰਾਉਂ ਸਿਵਲ ਹਸਪਤਾਲ ਲੈ ਕੇ ਗਏ ਜਿਥੇ ਉਸ ਦੀ ਮੌਤ ਹੋ ਗਈ | ਇਸ ਮੌਕੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਲੁਧਿਆਣਾ ਦਿਹਾਤੀ, ਐੱਸ.ਪੀ. (ਡੀ) ਰਾਜਨ ਕੁਮਾਰ, ਡੀ.ਐੱਸ.ਪੀ. ਹਰਜਿੰਦਰ ਸਿੰਘ, ਥਾਣਾ ਹਠੂਰ ਦੇ ਇੰਚਾਰਜ ਕੁਲਦੀਪ ਕੁਮਾਰ, ਮੁੱਖ ਮੁਨਸ਼ੀ ਜਸਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਸਤਨਾਮ ਸਿੰਘ ਸੱਤੀ, ਧਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਵਿਧਾਇਕਾ ਬੀਬੀ ਮਾਣੂੰਕੇ ਸਿਵਲ ਹਸਪਤਾਲ ਮੌਕੇ 'ਤੇ ਪੁੱਜੇ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਮਾਣੂੰਕੇ ਵਿਖੇ ਹੋਏ ਹੱਤਿਆ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਜਗਰਾਉਂ ਵਿਖੇ ਪਰਿਵਾਰਕ ਮੈਂਬਰਾਂ ਕੋਲ ਪੁੱਜੇ | ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਇਸ ਬੇਹੱਦ ਦੁੱਖਦਾਈ ਘਟਨਾ ਲਈ ਹਮਦਰਦੀ ਜ਼ਾਹਿਰ ਕੀਤੀ, ਉੱਥੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀਆਂ ਹਦਾਇਤਾਂ ਕੀਤੀਆਂ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਇਲਾਕੇ 'ਚ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ |
ਜਗਰਾਉਂ ਨੇੜੇ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ <br/>
ਅਜੀਤ ਡੈਸਕ
06-01-2026