ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਤੇ ਸ਼ਿਬੂ ਸੋਰੇਨ ਸਮੇਤ 13 ਨੂੰ ਪਦਮ ਭੂਸ਼ਣ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਕੇਂਦਰ ਸਰਕਾਰ ਨੇ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮਸ੍ਰੀ ਸ਼ਾਮਿਲ ਹਨ, ਜਿਨ੍ਹਾਂ 'ਚ ਦੋ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ 'ਚ ਦੋ ਵਿਅਕਤੀਆਂ ਲਈ ਪੁਰਸਕਾਰ ਨੂੰ ਇਕ ਮੰਨਿਆ ਗਿਆ ਹੈ | ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਅਨੁਭਵੀ ਕਮਿਊਨਿਸਟ ਨੇਤਾ ਵੀ.ਐਸ. ਅਚੁਤਾਨੰਦਨ ਅਤੇ ਅਦਾਕਾਰ ਧਰਮਿੰਦਰ ਨੂੰ 2026 ਲਈ ਮਰਨ ਉਪਰੰਤ ਦੂਜੇ ਸਰਬੋਤਮ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ | ਸਰਕਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜਨਤਕ ਮਾਮਲਿਆਂ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕੇ.ਟੀ. ਥਾਮਸ, ਕਲਾ 'ਚ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਅਤੇ ਵਾਇਲਨ ਵਾਦਕ ਐਨ ਰਾਜਮ, ਸਾਹਿਤ ਅਤੇ ਸਿੱਖਿਆ 'ਚ ਉੱਘੇ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ | ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਅਦਾਕਾਰ ਮਮੂਟੀ ਅਤੇ ਬੈਂਕਰ ਉਦੈ ਕੋਟਕ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ 'ਚ ਸ਼ਾਮਿਲ ਹਨ | ਬਿਆਨ ਮੁਤਾਬਿਕ ਇਸ਼ਤਿਹਾਰਬਾਜ਼ੀ ਦੇ ਮਾਹਿਰ ਪਿਊਸ਼ ਪਾਂਡੇ, ਜੇ.ਐਮ.ਐਮ. ਦੇ ਸੰਸਥਾਪਕ ਸ਼ਿਬੂ ਸੋਰੇਨ ਅਤੇ ਭਾਜਪਾ ਨੇਤਾ ਵੀ.ਕੇ. ਮਲਹੋਤਰਾ, ਟੈਨਿਸ ਦਿੱਗਜ ਵਿਜੇ ਅੰਮਿ੍ਤਰਾਜ, ਕਲੀਪੱਟੀ ਰਾਮਾਸਾਮੀ ਤੇ ਡਾ. ਨੋਰੀ ਦੱਤਾਤ੍ਰੇਹਯੁਡ (ਮੈਡੀਸਨ), ਐਮ. ਕੇ. ਐਮ. ਮੈਈਲਾਨੰਦਨ (ਸਮਾਜਿਕ ਕਾਰਕੁਨ) ਅਤੇ ਵੇਲਾਪੱਲੀ ਨਟੇਸਨ (ਜਨਤਕ ਮਾਮਲੇ), ਸ਼ਤਾਵਧਾਨੀ ਆਰ ਗਣੇਸ਼ (ਕਲਾ) ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ ਹਾਸਰਸ ਅਦਾਕਾਰ ਸਤੀਸ਼ ਸ਼ਾਹ ਨੂੰ ਮਰਨ ਉਪਰੰਤ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 90 ਪੁਰਸਕਾਰ ਜੇਤੂ ਔਰਤਾਂ ਹਨ ਅਤੇ ਸੂਚੀ 'ਚ ਵਿਦੇਸ਼ੀਆਂ, ਐਨ. ਆਰ. ਆਈ., ਪੀ. ਆਈ. ਓ. ਅਤੇ ਓ. ਸੀ. ਆਈ. ਦੀ ਸ਼੍ਰੇਣੀ ਦੇ 6 ਵਿਅਕਤੀ ਅਤੇ 16 ਮਰਨ ਉਪਰੰਤ ਪੁਰਸਕਾਰ ਜੇਤੂ ਸ਼ਾਮਿਲ ਹਨ | ਕ੍ਰਿਕਟਰ ਰੋਹਿਤ ਸ਼ਰਮਾ, ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ, ਡੇਰਾ ਬੱਲਾਂ (ਜਲੰਧਰ) ਦੇ ਮੁਖੀ ਸੰਤ ਨਿਰੰਜਣ ਦਾਸ, ਸਾਬਕਾ ਆਈ.ਪੀ.ਐਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ, ਹਾਕੀ ਖਿਡਾਰੀ ਸਵਿਤਾ ਪੂਨੀਆ, ਪ੍ਰਸਿੱਧ ਕੋਚ ਬਲਦੇਵ ਸਿੰਘ ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ | ਮੰਤਰਾਲੇ ਨੇ ਕਿਹਾ ਕਿ ਜੇ. ਐਨ. ਯੂ. ਦੇ ਸਾਬਕਾ ਵੀ.ਸੀ. ਐਮ. ਜਗਦੀਸ਼ ਕੁਮਾਰ, ਪ੍ਰਸਾਰ ਭਾਰਤੀ ਦੇ ਸਾਬਕਾ ਸੀ.ਈ.ਓ. ਸ਼ਸ਼ੀ ਸ਼ੇਖਰ ਵੇਮਪਤੀ ਅਤੇ ਅਦਾਕਾਰ ਆਰ. ਮਾਧਵਨ ਅਤੇ ਪ੍ਰੋਸੇਨਜੀਤ ਚੈਟਰਜੀ ਵੀ ਪਦਮਸ੍ਰੀ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ 'ਚ ਸ਼ਾਮਿਲ ਹਨ |
ਧਰਮਿੰਦਰ ਸਮੇਤ 5 ਸ਼ਖ਼ਸੀਅਤਾਂ ਪਦਮ ਵਿਭੂਸ਼ਣ ਨਾਲ ਸਨਮਾਨਿਤ
ਅਜੀਤ ਡੈਸਕ
26-01-2026