ਹੁਸ਼ਿਆਰਪੁਰ 'ਚ ਸਲੇਰਨ ਡੈਮ ਈਕੋ-ਟੂਰਿਜ਼ਮ ਪ੍ਰਾਜੈਕਟ ਦਾ ਉਦਘਾਟਨ
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਸਲੇਰਨ ਡੈਮ 'ਤੇ ਵਾਤਾਵਰਨ ਅਨੁਕੂਲ ਹੱਟਸ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿਚ ਈਕੋ-ਟੂਰਿਜ਼ਮ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵੱਡਾ ਹੁਲਾਰਾ ਮਿਲੇਗਾ | ਉਨ੍ਹਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸੈਰ-ਸਪਾਟਾ ਸਥਾਨਾਂ ਨੂੰ ਵਿਕਸਿਤ ਕਰਕੇ ਰੋਜ਼ਗਾਰ ਦੇ ਮੌਕੇ ਵਧਾ ਰਹੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ, ਪਟਿਆਲਾ ਅਤੇ ਚਮਰੌੜ ਝੀਲ 'ਤੇ ਫ਼ਿਲਮਾਂ ਦੀ ਸ਼ੂਟਿੰਗ ਅਤੇ ਡੈਸਟੀਨੇਸ਼ਨ ਵੈਡਿੰਗ ਨਾਲ ਵੀ ਰੋਜ਼ਗਾਰ ਦੇ ਮੌਕੇ ਵਧੇ ਹਨ | ਉਨ੍ਹਾਂ ਕਿਹਾ ਕਿ ਸਲੇਰਨ ਡੈਮ ਪ੍ਰਾਜੈਕਟ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ ਨੂੰ ਟੱਕਰ ਦੇਵੇਗਾ | ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਨੇ ਖੰਡਰਾਂ ਦਾ ਰੂਪ ਧਾਰ ਚੁੱਕੇ 52 ਰੈਸਟ ਹਾਊਸਾਂ ਨੂੰ ਮੁੜ ਸੁਰਜੀਤ ਕੀਤਾ ਹੈ, ਜਿਨ੍ਹਾਂ ਤੋਂ ਹੁਣ ਕਿਰਾਏ ਰਾਹੀਂ ਇਕ ਕਰੋੜ ਰੁਪਏ ਦਾ ਮਹੀਨਾਵਾਰ ਮਾਲੀਆ ਪੈਦਾ ਹੋ ਰਿਹਾ ਹੈ | ਸਲੇਰਨ ਡੈਮ ਈਕੋ-ਟੂਰਿਜ਼ਮ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਸੀਂ ਸੂਬੇ ਵਿਚ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਦੇਣ ਲਈ ਸਲੇਰਨ ਡੈਮ ਈਕੋ-ਟੂਰਿਜ਼ਮ ਪ੍ਰਾਜੈਕਟ ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੌਹਾਲ ਡੈਮ ਪ੍ਰਾਜੈਕਟ ਸਫਲਤਾਪੂਰਵਕ ਚੱਲ ਰਿਹਾ ਹੈ ਤੇ ਇਹ ਨਵੀਂ ਪਹਿਲ ਸੈਲਾਨੀਆਂ ਦੇ ਘੁੰਮਣ-ਫਿਰਨ ਲਈ ਇੱਕ ਹੋਰ ਆਕਰਸ਼ਕ ਸਥਾਨ ਵਜੋਂ ਉਪਲਬਧ ਹੋਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ 'ਤੇ ਲਗਭਗ 2.80 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ, ਇਸ ਤੋਂ ਸਾਲਾਨਾ 18 ਲੱਖ ਰੁਪਏ ਤੋਂ ਵੱਧ ਮਾਲੀਆ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ | ਪ੍ਰਾਜੈਕਟ ਅਧੀਨ ਪ੍ਰਦਾਨ ਕੀਤੀਆਂ ਗਈਆਂ ਸਹੂਲਤਾਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ 16,000 ਵਰਗ ਫੁੱਟ ਵਿਚ ਫੈਲਿਆ ਵਿਸ਼ੇਸ਼ ਖੇਡ ਮੈਦਾਨ ਬਣਾਇਆ ਗਿਆ ਹੈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਸੈਲਾਨੀਆਂ ਦੇ ਰਹਿਣ ਲਈ ਚਾਰ ਈਕੋ ਹੱਟਸ ਅਤੇ 80 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਕੈਫੇਟੇਰੀਆ ਵੀ ਬਣਾਇਆ ਗਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਲੇਰਨ ਡੈਮ ਦੇ ਸੁੰਦਰ ਦਿ੍ਸ਼ਾਂ ਦਾ ਅਨੰਦ ਲੈਣ ਲਈ ਇੱਕ ਵੱਡਾ ਐਂਫੀਥੀਏਟਰ ਵੀ ਤਿਆਰ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਵਾਤਾਵਰਨ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਨੂੰ ਧਿਆਨ ਵਿੱਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਸੈਰ-ਸਪਾਟਾ ਅਤੇ ਮਨੋਰੰਜਕ ਗਤੀਵਿਧੀਆਂ ਲਈ ਵਾਤਾਵਰਨ-ਅਨੁਕੂਲ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਤੋਂ ਬਾਅਦ ਇਹ ਖੇਤਰ ਅੱਗੇ ਚੱਲ ਕੇ ਇੱਕ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਉੱਭਰੇਗਾ | ਉਨ੍ਹਾਂ ਕਿਹਾ ਕਿ ਪਹਿਲੀ ਫਰਵਰੀ ਨੂੰ ਕੇਂਦਰ ਵਲੋਂ ਜਾਰੀ ਕੀਤੇ ਜਾ ਰਹੇ ਬਜਟ 'ਚ ਪੰਜਾਬ ਨੂੰ ਬਹੁਤ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਰੋਕੇ ਹੋਏ ਫ਼ੰਡਾਂ ਨੂੰ ਤੁਰੰਤ ਜਾਰੀ ਕਰ ਦਿੰਦੀ ਹੈ, ਤਾਂ ਪੰਜਾਬ ਵਿਚ ਵਿਕਾਸ ਦੀ ਗਤੀ ਨੂੰ ਹੋਰ ਰਫ਼ਤਾਰ ਮਿਲੇਗੀ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਿਲਣ ਵਾਲੇ 1000 ਰੁਪਏ ਵਾਲੀ ਸਕੀਮ ਵੀ ਜਲਦ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਵਿਧਾਇਕ ਜਸਬੀਰ ਸਿੰਘ ਰਾਜਾ, ਵਿਧਾਇਕ ਡਾ. ਇਸ਼ਾਂਕ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ |
ਪੰਜਾਬ ਸਰਕਾਰ ਸੈਰ-ਸਪਾਟਾ ਸਥਾਨਾਂ ਨੂੰ ਵਿਕਸਿਤ ਕਰਕੇ ਨੌਜਵਾਨਾਂ ਨੂੰ ਦੇ ਰਹੀ ਹੈ ਰੁਜ਼ਗਾਰ-ਮੁੱਖ ਮੰਤਰੀ
ਅਜੀਤ ਡੈਸਕ
26-01-2026