ਕਿਹਾ, ਗੁਰੂ ਸਾਹਿਬਾਨ ਦੇ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ
ਸ੍ਰੀ ਹਜ਼ੂਰ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਸ੍ਰੀ ਹਜ਼ੂਰ ਸਾਹਿਬ (ਨਾਂਦੇੜ), 25 ਜਨਵਰੀ-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਹਾਰਾਸ਼ਟਰ ਸਰਕਾਰ ਵਲੋਂ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਦੋ ਰੋਜ਼ਾ ਗੁਰਮਤਿ ਸਮਾਗਮ ਅੱਜ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਨਾਂਦੇੜ ਵਿਖੇ ਇਤਿਹਾਸਕ ਪੈੜਾਂ ਪਾ ਕੇ ਸੰਪੂਰਨ ਹੋ ਗਏ | ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ 5 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਜਿੱਥੇ ਸ਼ਤਾਬਦੀ ਸਮਾਗਮਾਂ 'ਚ ਹਾਜ਼ਰੀ ਭਰੀ ਉੱਥੇ ਹੀ ਅੱਜ ਦੂਜੇ ਅਤੇ ਆਖਰੀ ਦਿਨ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ, ਜਦਕਿ ਸਨਾਤਨ ਮਤ ਨਾਲ ਜੁੜੇ ਅਤੇ ਸੰਤ ਸਮਾਜ ਦੇ ਪ੍ਰਮੁੱਖ ਆਗੂਆਂ ਨੇ ਵੀ ਇਸ ਮੌਕੇ ਗੁਰੂ ਸਾਹਿਬਾਨ ਦਾ ਗੁਣਗਾਨ ਕੀਤਾ | ਸਮਾਗਮ ਦੇ ਆਖਿਰ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉੱਪ ਮੁੱਖ ਮੰਤਰੀ ਅਜੀਤ ਪਵਾਰ, ਆਂਧਰਾ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਪਵਨ ਕਲਿਆਣ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ, ਬਾਬਾ ਬਲਵਿੰਦਰ ਸਿੰਘ ਲੰਗਰ ਸਾਹਿਬ ਵਾਲੇ, ਚੇਅਰਮੈਨ ਵਿਜੇ ਸਤਬੀਰ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਸਣੇ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਗੁਰੂ ਸਾਹਿਬਾਨ ਨੂੰ ਸਿਜਦਾ ਕੀਤਾ | ਇਸ ਮੌਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਕਰਵਾਇਆ ਗਿਆ | ਇਹ ਸਮਾਗਮ ਬੇਹੱਦ ਕਾਮਯਾਬੀ ਨਾਲ ਸੰਪੂਰਨ ਹੋਇਆ | ਸ਼ਾਮ ਨੂੰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਮਾਗਮ ਸਥਾਨ 'ਤੇ ਕੀਤੇ ਗਤਕੇ ਦੇ ਪ੍ਰਦਰਸ਼ਨ ਨੇ ਵੀ ਸੰਗਤ ਨੂੰ ਖ਼ਾਲਸਾਈ ਜਾਹੋ ਜਲਾਲ ਦੇ ਅਲੌਕਿਕ ਦਰਸ਼ਨ ਕਰਵਾਏ | ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਅੱਜ ਅਸੀਂ ਇਸ ਮੰਚ 'ਤੇ ਨਹੀਂ ਹੋਣਾ ਸੀ | ਉਨ੍ਹਾਂ ਇਸ ਦੌਰਾਨ ਗੁਰੂ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਭਾਈ ਲੱਖੀ ਸ਼ਾਹ ਵਣਜਾਰਾ ਦੀ ਹਿੰਮਤ ਅਤੇ ਦਲੇਰੀ ਨੂੰ ਨਮਨ ਕੀਤਾ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਰਾਹੀਂ ਨਾਨਕ ਨਾਮਲੇਵਾ 9 ਭਾਈਚਾਰਿਆਂ ਦਾ ਵੀ ਉਹ ਧੰਨਵਾਦ ਕਰਦੇ ਹਨ ਕਿਉਂਕਿ ਇਹ ਸਾਰੇ ਸਮਾਜ ਹਿੰਦੂਆਂ ਤੇ ਸਿੱਖਾਂ ਵਿਚ ਏਕਤਾ ਦਾ ਪ੍ਰਤੀਕ ਹਨ | ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਮਹਾਰਾਸ਼ਟਰ ਸਰਕਾਰ ਆਪਣੇ ਸਕੂਲੀ ਸਿਲੇਬਸ ਵਿਚ ਵੀ ਸਿੱਖ ਗੁਰੂ ਸਾਹਿਬਾਨ ਦਾ ਇਤਿਹਾਸ ਸ਼ਾਮਿਲ ਕਰ ਰਹੀ ਹੈ ਤੇ ਭਵਿੱਖ 'ਚ ਵੀ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਿਹਤਰ ਭਵਿੱਖ ਲਈ ਇਤਿਹਾਸ ਨਾਲ ਜੁੜਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਘਰ-ਘਰ ਪਹੁੰਚਾਉਣ ਲਈ ਸਰਕਾਰ ਵਲੋਂ ਲਗਾਤਾਰ ਯਤਨ ਜਾਰੀ ਰਹਿਣਗੇ | ਸ਼ਤਾਬਦੀ ਸਮਾਗਮਾਂ ਦੇ ਮਾਰਗਦਰਸ਼ਨ ਲਈ ਬਾਬਾ ਹਰਨਾਮ ਸਿੰਘ ਖਾਲਸਾ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ |
ਮਹਾਰਾਸ਼ਟਰ ਸਰਕਾਰ ਵਲੋਂ ਸਿੱਖ ਧਰਮ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਸਫ਼ਲ ਉਪਰਾਲਾ-ਸਿਰਸਾ
ਮਨਜਿੰਦਰ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਇਸ ਕਾਮਯਾਬ ਸਮਾਗਮ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਸਿੱਖ ਧਰਮ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਸਫਲ ਉਪਰਾਲਾ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ | ਸਿਰਸਾ ਨੇ ਗੁਰੂ ਸਾਹਿਬਾਨ ਦੀ ਲਾਸਾਨੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ | ਸਿਰਸਾ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਨੂੰ ਸਮਰਪਿਤ ਇਨ੍ਹਾਂ ਪ੍ਰਭਾਵਸ਼ਾਲੀ ਸਮਾਗਮ ਕਦੇ ਨਹੀਂ ਵੇਖਿਆ |
ਗੁਰੂ ਸਾਹਿਬ ਦੇ ਇਤਿਹਾਸ ਅੱਗੇ ਸਿਰ ਝੁਕਦਾ ਹੈ-ਪਵਨ ਕਲਿਆਣ
ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਸਮਾਗਮ ਦੌਰਾਨ ਫਤਹਿ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਉਹ ਨਾਂਦੇੜ ਦੀ ਇਸ ਪਾਵਨ ਧਰਤੀ ਵਿਖੇ ਕੋਈ ਮਹਿਮਾਨ ਨਹੀਂ, ਬਲਕਿ ਇੱਕ ਸ਼ਰਧਾਲੂ ਵਜੋਂ ਆਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਉਸ ਧਰਮ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ, ਜੋ ਉਨ੍ਹਾਂ ਦਾ ਆਪਣਾ ਨਹੀਂ ਸੀ | ਕਲਿਆਣ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਅਸਲ 'ਚ ਧਰਮ ਦੀ ਰੱਖਿਆ ਦਾ ਅਰਥ ਸਮਝਾਇਆ ਅਤੇ ਉਨ੍ਹਾਂ ਦੇ ਇਤਿਹਾਸ ਸਾਹਮਣੇ ਸਿਰ ਝੁਕਦਾ ਹੈ |
ਗੌਰਵਸ਼ਾਲੀ ਹੈ ਸਿੱਖ ਇਤਿਹਾਸ- ਅਜੀਤ ਪਵਾਰ
ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਜੈਕਾਰਾ ਲਾ ਕੇ ਸੰਗਤ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਜਬਰ ਜ਼ੁਲਮ ਤੇ ਅੱਤਿਆਚਾਰ ਦੇ ਖ਼ਿਲਾਫ਼ ਧਰਮ ਦੀ ਅਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੈ | ਉਨ੍ਹਾਂ ਇਸ ਸ਼ਹੀਦੀ ਸਮਾਗਮ ਲਈ ਜਿੱਥੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸ਼ਲਾਘਾ ਕੀਤੀ, ਉਥੇ ਹੀ ਵੱਖੋ-ਵੱਖ ਭਾਈਚਾਰਿਆਂ ਵਲੋਂ ਇਸ ਸਮਾਗਮ 'ਚ ਸ਼ਿਰਕਤ ਕਰਨ ਲਈ ਸੰਗਤ ਦਾ ਧੰਨਵਾਦ ਵੀ ਕੀਤਾ | ਅਜੀਤ ਪਵਾਰ ਨੇ ਕਿਹਾ ਕਿ ਸਿੱਖ ਇਤਿਹਾਸ ਗੌਰਵਸ਼ਾਲੀ ਹੈ ਅਤੇ ਅੱਜ ਉਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਆਏ ਹਨ |
ਭਾਈਚਾਰਕ ਸਾਂਝ ਦਾ ਮੁੱਦਈ ਬਣੇ ਸ਼ਹੀਦੀ ਸਮਾਗਮ-ਵਿਜੇ ਸਤਬੀਰ ਸਿੰਘ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਇਤਿਹਾਸ ਨੂੰ ਯਾਦ ਕਰਨ ਲਈ ਕਰਵਾਏ ਗਏ ਸਮਾਗਮ ਇਤਿਹਾਸ ਬਣ ਗਏ ਹਨ | ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਗਮਾਂ ਨੇ ਹਰੇਕ ਧਰਮ ਨੂੰ ਜੋੜਨ ਦਾ ਕੰਮ ਕੀਤਾ ਹੈ | ਉਨ੍ਹਾਂ ਮਹਾਰਾਸ਼ਟਰ ਸਰਕਾਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਿੱਖ ਸਮਾਜ ਹਿੱਤ ਵੱਡੇ ਉਪਰਾਲੇ ਕਰਨ ਲਈ ਤਤਪਰ ਰਹਿੰਦੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਨੇ ਸਟੇਜ ਸੰਚਾਲਕ ਦੀ ਬਾਖੂਬੀ ਭੂਮਿਕਾ ਨਿਭਾਈ |
ਕੇਸਰੀ ਦਸਤਾਰਾਂ ਸਜਾ ਕੇ ਪਹੁੰਚੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉੱਪ ਮੁੱਖ ਮੰਤਰੀ ਅਜੀਤ ਪਵਾਰ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅੱਜ ਕੇਸਰੀ ਦਸਤਾਰਾਂ ਸਜਾ ਕੇ ਸ਼ਹੀਦੀ ਸ਼ਤਾਬਦੀ ਸਮਾਗਮ 'ਚ ਸ਼ਾਮਿਲ ਹੋਈਆਂ | ਉਕਤ ਸ਼ਖ਼ਸੀਅਤਾਂ ਵਲੋਂ ਭਾਈ ਲੱਖੀ ਸ਼ਾਹ ਵਣਜਾਰਾ ਕਿਤਾਬ ਵੀ ਲੋਕ ਅਰਪਣ ਕੀਤੀ ਗਈ | ਮੋਦੀ ਮੈਦਾਨ ਵਿਖੇ ਸਜਾਏ ਖੁੱਲ੍ਹੇ ਵਿਸ਼ਾਲ ਪੰਡਾਲ 'ਚ ਅੱਜ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਬਲਬੀਰ ਸਿੰਘ ਚੰਡੀਗੜ੍ਹ, ਭਾਈ ਚਮਨਜੀਤ ਸਿੰਘ ਲਾਲ ਦਿੱਲੀ, ਭਾਈ ਬਲਪ੍ਰੀਤ ਸਿੰਘ ਲੁਧਿਆਣਾ ਵਾਲੇ, ਭਾਈ ਜਰਨੈਲ ਸਿੰਘ, ਭਾਈ ਚਰਨਜੀਤ ਸਿੰਘ ਹੀਰਾ ਦਿੱਲੀ, ਭਾਈ ਸੁਰਜੀਤ ਸਿੰਘ ਹਜ਼ੂਰੀ ਰਾਗੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ, ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਧਾਰਮਿਕ ਵਿਦਿਆਲਾ ਦੇ ਵਿਦਿਆਰਥੀਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਜਦਕਿ ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ ਨੇ ਸੰਗਤ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ |
ਹਾਜ਼ਰ ਸ਼ਖ਼ਸੀਅਤਾਂ
ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਾਬਾ ਬਲਵਿੰਦਰ ਸਿੰਘ ਲੰਗਰ ਸਾਹਿਬ ਵਾਲੇ, ਚੇਅਰਮੈਨ ਵਿਜੇ ਸਤਬੀਰ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਚਰਨਦੀਪ ਸਿੰਘ ਹੈਪੀ, ਜਸਪਾਲ ਸਿੰਘ ਸਿੱਧੂ, ਕੈਬਨਿਟ ਮੰਤਰੀ ਗਿਰਿਸ਼ ਮਹਾਜਨ, ਰਘੂ ਮੁਨੀ, ਭਾਈ ਜਸਕੀਰਤ ਸਿੰਘ, ਸੰਜੇ ਮਹਾਰਾਜ ਪਾਂਜਪੋਰ ਭਗਤ ਨਾਮਦੇਵ ਸੰਪਰਦਾਇ, ਬਾਬਾ ਰਾਮ ਸਿੰਘ, ਰਵਿੰਦਰ ਚੌਹਾਨ ਭਾਜਪਾ ਪ੍ਰਧਾਨ ਮਹਾਰਾਸ਼ਟਰ, ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਪੰਕਿਜਾ ਮੁੰਡੇ ਕੈਬਨਿਟ ਮੰਤਰੀ ਮਹਾਰਾਸ਼ਟਰ, ਬਾਬੂ ਸਿੰਘ, ਰਾਮੇਸ਼ਵਰ ਨਾਇਕ, ਮਲਕੀਤ ਸਿੰਘ ਬੱਲ, ਹੈੱਡ ਗ੍ਰੰਥੀ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਸੁਖਬੀਰ ਸਿੰਘ ਸੁੱਖ ਗਵਾਲੀਅਰ, ਭਾਈ ਕਮਲਜੀਤ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ |
ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼ ਤੇ ਧਰਮ ਲਈ ਮਹਾਨ ਕੁਰਬਾਨੀ ਦਿੱਤੀ-ਫੜਨਵੀਸ
ਅਜੀਤ ਡੈਸਕ
26-01-2026