ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 30 ਜਨਵਰੀਦੇਸ਼ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਬਣੀ ਸਥਿਤੀ ਦਰਮਿਆਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਰਿਕਾਰਡ ਤੋੜ ਵਾਧਾ ਦਰਜ ਕੀਤਾ ਜਾ ਰਿਹਾ ਹੈ | ਸ਼ੁੱਕਰਵਾਰ ਨੂੰ ਸਥਾਨਕ ਸਰਾਫ਼ਾ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਦਰਾਂ 'ਚ ਤੇਜ਼ੀ ਨਜ਼ਰ ਆਈ, ਜਿਸ ਕਾਰਨ ਆਮ ਗਾਹਕਾਂ ਦੇ ਨਾਲ-ਨਾਲ ਵਪਾਰੀਆਂ ਦੀ ਚਿੰਤਾ ਵੀ ਵਧ ਗਈ ਹੈ | ਵਿਆਹਾਂ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਕੀਮਤਾਂ 'ਚ ਆਏ ਇਸ ਵਾਧੇ ਨੇ ਗਹਿਣਿਆਂ ਦੀ ਖ਼ਰੀਦ ਦੀ ਯੋਜਨਾ ਬਣਾ ਰਹੇ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ | ਪਿਛਲੇ ਕੁਝ ਦਿਨਾਂ ਤੋਂ ਸੋਨੇਚਾਂਦੀ ਦੀਆਂ ਕੀਮਤਾਂ 'ਚ ਜੋ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ, ਉਸ ਨਾਲ ਬਾਜ਼ਾਰਾਂ 'ਚ ਖ਼ਰੀਦੋ-ਫ਼ਰੋਖ਼ਤ ਦੀ ਰਫ਼ਤਾਰ ਕੁਝ ਹੱਦ ਤੱਕ ਹੌਲੀ ਹੋ ਗਈ ਹੈ | ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੋਨੇ ਦੀ ਮੰਗ ਵਧਣ, ਅਮਰੀਕੀ ਡਾਲਰ ਦੀ ਕੀਮਤ 'ਚ ਉਤਾਰ-ਚੜ੍ਹਾਅ ਅਤੇ ਵਿਸ਼ਵ ਪੱਧਰ 'ਤੇ ਭੂ-ਰਾਜਨੀਤਿਕ ਤਣਾਅ ਕਾਰਨ ਕੀਮਤੀ ਧਾਤੂਆਂ ਦੀਆਂ ਦਰਾਂ 'ਤੇ ਉੱਪਰਲਾ ਦਬਾਅ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਕੇਂਦਰੀ ਬੈਂਕਾਂ ਵਲੋਂ ਸੋਨੇ ਦੀ ਖ਼ਰੀਦ, ਮਹਿੰਗਾਈ ਦੇ ਡਰ ਅਤੇ ਸਟਾਕ ਮਾਰਕੀਟਾਂ 'ਚ ਅਸਥਿਰਤਾ ਕਾਰਨ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਵਜੋਂ ਤਰਜੀਹ ਦੇ ਰਹੇ ਹਨ, ਜਿਸ ਨਾਲ ਕੀਮਤਾਂ ਹੋਰ ਵਧ ਰਹੀਆਂ ਹਨ | ਸਥਾਨਕ ਸਰਾਫ਼ਾ ਬਾਜ਼ਾਰਾਂ 'ਚ ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵਿਆਹਾਂ ਦੇ ਮੌਸਮ ਦੇ ਚੱਲਦੇ ਆਮ ਤੌਰ 'ਤੇ ਸੋਨੇ ਦੇ ਗਹਿਣਿਆਂ ਦੀ ਮੰਗ ਵਧ ਜਾਂਦੀ ਹੈ, ਪਰ ਕੀਮਤਾਂ ਉੱਚੀਆਂ ਹੋਣ ਕਾਰਨ ਇਸ ਵਾਰ ਗਾਹਕ ਸੋਚ-ਵਿਚਾਰ ਕਰ ਕੇ ਹੀ ਖ਼ਰੀਦ ਕਰ ਰਹੇ ਹਨ | ਕਈ ਗਾਹਕ ਭਾਰ ਘੱਟ ਵਾਲੇ ਗਹਿਣਿਆਂ ਵੱਲ ਰੁਝਾਨ ਕਰ ਰਹੇ ਹਨ, ਜਦਕਿ ਕੁਝ ਲੋਕ ਖ਼ਰੀਦ ਨੂੰ ਅੱਗੇ ਪਾ ਰਹੇ ਹਨ, ਤਾਂ ਜੋ ਕੀਮਤਾਂ 'ਚ ਕੁਝ ਕਮੀ ਆ ਸਕੇ | ਚਾਂਦੀ ਦੀਆਂ ਕੀਮਤਾਂ 'ਚ ਆਏ ਵਾਧੇ ਨੇ ਵੀ ਉਦਯੋਗਿਕ ਖੇਤਰ ਅਤੇ ਘਰੇਲੂ ਗਾਹਕਾਂ ਨੂੰ ਪ੍ਰਭਾਵਿਤ ਕੀਤਾ ਹੈ | ਚਾਂਦੀ ਦੀ ਵਰਤੋਂ ਨਾ ਸਿਰਫ਼ ਗਹਿਣਿਆਂ, ਸਗੋਂ ਇਲੈੱਕਟ੍ਰਾਨਿਕ ਅਤੇ ਹੋਰ ਉਦਯੋਗਿਕ ਉਤਪਾਦਾਂ 'ਚ ਵੀ ਹੁੰਦੀ ਹੈ | ਵਪਾਰੀਆਂ ਮੁਤਾਬਿਕ ਉਦਯੋਗਿਕ ਮੰਗ ਅਤੇ ਨਿਵੇਸ਼ਕਾਂ ਦੀ ਦਿਲਚਸਪੀ ਵਧਣ ਕਾਰਨ ਚਾਂਦੀ ਦੀਆਂ ਦਰਾਂ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ | ਆਉਣ ਵਾਲੇ ਦਿਨਾਂ 'ਚ ਵੀ ਸੋਨੇਚਾਂਦੀ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਬਣਿਆ ਰਹਿ ਸਕਦਾ ਹੈ | ਅੰਤਰਰਾਸ਼ਟਰੀ ਹਾਲਾਤ, ਕੱਚੇ ਤੇਲ ਦੀਆਂ ਕੀਮਤਾਂ, ਡਾਲਰ ਦੀ ਸਥਿਤੀ ਅਤੇ ਕੇਂਦਰੀ ਬੈਂਕਾਂ ਦੀ ਮੁਦਰਾ ਨੀਤੀ ਇਸ 'ਤੇ ਵੱਡਾ ਅਸਰ ਪਾਉਣਗੀਆਂ | ਜੇ ਵਿਸ਼ਵ ਪੱਧਰ 'ਤੇ ਅਨਿਸ਼ਚਿਤਤਾ ਜਾਰੀ ਰਹੀ ਤਾਂ ਕੀਮਤੀ ਧਾਤੂਆਂ ਦੀ ਮੰਗ ਹੋਰ ਵਧ ਸਕਦੀ ਹੈ |
ਵਿਆਹਾਂ ਦੇ ਸੀਜ਼ਨ 'ਚ ਸੋਨੇਚਾਂਦੀ ਦੀਆਂ ਕੀਮਤਾਂ 'ਚ ਅਥਾਹ ਵਾਧੇ ਕਾਰਨ ਖ਼ਰੀਦਦਾਰਾਂ ਦੀਆਂ ਵਧੀਆਂ ਮੁਸ਼ਕਿਲਾਂ
ਅਜੀਤ ਡੈਸਕ
31-01-2026