ਦੀਰ ਅਲ-ਬਲਾਹ (ਗਾਜ਼ਾ ਪੱਟੀ), 31 ਜਨਵਰੀ (ਏਪੀ)-ਗਾਜ਼ਾ ਹਸਪਤਾਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲੀ ਹਮਲਿਆਂ ਵਿਚ ਸਨਿਚਰਵਾਰ ਨੂੰ 30 ਫਿਲਸਤੀਨੀ ਮਾਰੇ ਗਏ, ਜੋ ਕਿ ਅਕਤੂਬਰ ਵਿਚ ਹੋਈ ਜੰਗਬੰਦੀ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਵਿਚੋਂ ਇੱਕ ਹੈ | ਇਜ਼ਰਾਈਲ ਨੇ ਹਮਾਸ 'ਤੇ ਨਵੇਂ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਉਣ ਤੋਂ ਇੱਕ ਦਿਨ ਬਾਅਦ, ਗਾਜ਼ਾ ਭਰ ਵਿਚ ਕਈ ਥਾਵਾਂ 'ਤੇ ਹਮਲੇ ਕੀਤੇ, ਜਿਨ੍ਹਾਂ ਵਿਚ ਗਾਜ਼ਾ ਸ਼ਹਿਰ ਵਿਚ ਇੱਕ ਅਪਾਰਟਮੈਂਟ ਇਮਾਰਤ ਅਤੇ ਖਾਨ ਯੂਨਿਸ ਵਿਚ ਇੱਕ ਟੈਂਟ ਕੈਂਪ 'ਤੇ ਘਾਤਕ ਹਮਲੇ ਸ਼ਾਮਿਲ ਹਨ | ਹਸਪਤਾਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਮਿ੍ਤਕਾਂ ਵਿਚ ਦੋ ਔਰਤਾਂ ਅਤੇ ਦੋ ਵੱਖ-ਵੱਖ ਪਰਿਵਾਰਾਂ ਦੇ ਛੇ ਬੱਚੇ ਸ਼ਾਮਿਲ ਹਨ | ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਇੱਕ ਪੁਲਿਸ ਸਟੇਸ਼ਨ 'ਤੇ ਵੀ ਇੱਕ ਹਵਾਈ ਹਮਲਾ ਹੋਇਆ, ਜਿਸ ਵਿਚ 11 ਲੋਕ ਮਾਰੇ ਗਏ ਤੇ ਹੋਰ ਜ਼ਖ਼ਮੀ ਹੋ ਗਏ |