13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬ ਪਸੰਦੀਦਾ ਵਿਸ਼ਵਵਿਆਪੀ ਨਿਵੇਸ਼ ਸਥਾਨ ਵਜੋਂ ਉੱਭਰ ਰਿਹਾ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 04-02-2026

ਕਿਹਾ, ਹਿੰਦੂਜਾ ਗਰੁੱਪ ਨੇ ਸੂਬੇ 'ਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ
ਮੁੰਬਈ, 3 ਫਰਵਰੀ (ਅਜੀਤ ਬਿਊਰੋ)-ਪੰਜਾਬ ਨੂੰ ਵਿਸ਼ਵਵਿਆਪੀ ਨਿਵੇਸ਼ ਕੇਂਦਰ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ 'ਚ ਹੋਰ ਤੇਜ਼ ਆਈ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਵਿਸ਼ਵ ਦੀ ਉੱਘੀ ਕੰਪਨੀ ਹਿੰਦੂਜਾ ਗਰੁੱਪ ਨਾਲ ਕੀਤੇ ਵਿਆਪਕ ਵਿਚਾਰ-ਵਟਾਂਦਰੇ ਉਪਰੰਤ ਕੰਪਨੀ ਨੇ ਸੂਬੇ ਵਿਚ ਨਿਵੇਸ਼ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ | ਪੰਜਾਬ ਨੂੰ ਇਕ ਸਥਿਰ ਭਵਿੱਖ ਲਈ ਤਿਆਰ ਅਤੇ ਕਾਰੋਬਾਰ-ਅਨੁਕੂਲ ਸਥਾਨ ਵਜੋਂ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਵਿਕਸਿਤ ਹੋ ਰਹੇ ਉਦਯੋਗਿਕ ਖੇਤਰ, ਨੀਤੀਗਤ ਸੁਧਾਰਾਂ ਅਤੇ ਨਿਵੇਸ਼ਕਾਂ ਦੇ ਵਧ ਰਹੇ ਵਿਸ਼ਵਾਸ ਨੂੰ ਉਜਾਗਰ ਕੀਤਾ, ਜਿਸ ਸਦਕਾ ਮਾਰਚ 2022 ਤੋਂ ਹੁਣ ਤੱਕ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਅਤੇ ਇਲੈੱਕਟਿ੍ਕ ਗਤੀਸ਼ੀਲਤਾ ਤੋਂ ਲੈ ਕੇ ਡਿਜੀਟਲ ਸੇਵਾਵਾਂ ਤੱਕ ਦੇ ਖੇਤਰਾਂ ਦੇ ਵਿਸਥਾਰ ਦਾ ਸਪੱਸ਼ਟ ਰੋਡਮੈਪ ਤਿਆਰ ਵਿਚ ਮਦਦ ਮਿਲੀ | ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਿਵੇਸ਼ ਦੇ ਦਿ੍ਸ਼ਟੀਕੋਣ ਤੋਂ ਪੰਜਾਬ ਦੇਸ਼ ਦਾ ਸਭ ਤੋਂ ਪਸੰਦੀਦਾ ਸੂਬਾ ਹੈ, ਕਿਉਂਕਿ ਇਥੇ ਬੁਨਿਆਦੀ ਢਾਂਚੇ ਸੰਬੰਧੀ ਬਿਹਤਰ ਸਹੂਲਤਾਂ, ਵਾਧੂ ਬਿਜਲੀ, ਹੁਨਰਮੰਦ ਮਨੁੱਖੀ ਸ਼ਕਤੀ, ਸ਼ਾਨਦਾਰ ਸੜਕ, ਰੇਲ ਅਤੇ ਹਵਾਈ ਸੰਪਰਕ, ਬਿਹਤਰ ਦੂਰਸੰਚਾਰ ਨੈੱਟਵਰਕ ਅਤੇ ਕਾਰੋਬਾਰ ਕਰਨ ਵਿਚ ਆਸਾਨੀ ਦੀਆਂ ਸਹੂਲਤਾਂ ਉਪਲੱਬਧ ਹਨ | ਉਨ੍ਹਾਂ ਕਿਹਾ ਕਿ ਮਾਰਚ 2022 ਤੋਂ ਹੁਣ ਤੱਕ ਪੰਜਾਬ ਨੂੰ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਸ ਨਾਲ 5.3 ਲੱਖ ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਸੰਭਾਵਨਾ ਹੈ | ਸੂਬਾ ਉਦਯੋਗਿਕ ਵਿਕਾਸ ਅਤੇ ਨਵੀਨਤਾ ਦੇ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ | ਵਿਸ਼ਵਪੱਧਰੀ ਕਾਰਪੋਰੇਸ਼ਨਾਂ ਵਲੋਂ ਪ੍ਰਗਟਾਏ ਗਏ ਵਿਸ਼ਵਾਸ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨੈਸਲੇ, ਕਲਾਸ, ਫਰੂਡੇਨਬਰਗ, ਕਾਰਗਿਲ, ਵਰਬੀਓ ਅਤੇ ਡੈਨੋਨ ਵਰਗੀਆਂ ਕਈ ਵੱਕਾਰੀ ਅੰਤਰਰਾਸ਼ਟਰੀ ਕੰਪਨੀਆਂ ਹਨ ਜਿਨ੍ਹਾਂ ਨੇ ਸੂਬੇ ਵਿਚ ਆਪਣੀਆਂ ਯੂਨਿਟਾਂ ਸਥਾਪਤ ਕੀਤੀਆਂ ਹਨ ਅਤੇ ਸੂਬੇ ਆਰਥਿਕ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀ ਵਿਸ਼ਵਵਿਆਪੀ ਪਹੁੰਚ ਜਪਾਨ, ਅਮਰੀਕਾ, ਜਰਮਨੀ, ਯੂਨਾਈਟਿਡ ਕਿੰਗਡਮ, ਸੰਯੁਕਤ ਅਰਬ ਅਮੀਰਾਤ, ਸਵਿਟਜ਼ਰਲੈਂਡ, ਫਰਾਂਸ, ਸਪੇਨ ਅਤੇ ਹੋਰ ਦੇਸ਼ਾਂ ਵਲੋਂ ਸੂਬੇ ਵਿਚ ਨਿਵੇਸ਼ ਦੀ ਦਿਲਚਸਪੀ ਤੋਂ ਸਪੱਸ਼ਟ ਹੁੰਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਿਕਾਸ ਗਾਥਾ ਹਾਲੇ ਸ਼ੁਰੂਆਤੀ ਦੌਰ ਵਿਚ ਹੈ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹੁਣ ਨਾ ਸਿਰਫ਼ ਭਾਰਤੀ ਨਿਵੇਸ਼ਕਾਂ ਲਈ ਸਗੋਂ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ ਰਾਹੀਂ, ਸੂਬੇ ਵਲੋਂ 125 ਕਰੋੜ ਰੁਪਏ ਤੱਕ ਦੀਆਂ ਯੋਗ ਇਕਾਈਆਂ ਲਈ ਸਿਰਫ਼ ਪੰਜ ਦਿਨਾਂ ਅੰਦਰ ਸਿਧਾਂਤਕ ਪ੍ਰਵਾਨਗੀ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ, ਜਿਸਨੇ 45 ਦਿਨਾਂ ਦੇ ਅੰਦਰ ਸਮਾਂ-ਬੱਧ ਪ੍ਰਵਾਨਗੀਆਂ, ਡੀਮਡ ਐਪਰੂਵਲਜ਼, ਐਸਕੇਲੇਸ਼ਨ ਵਿਧੀਆਂ ਅਤੇ ਮੁੱਖ ਲਾਇਸੈਂਸਾਂ ਲਈ ਵਧਾਈ ਗਈ ਵੈਧਤਾ ਵਰਗੇ ਵੱਡੇ ਰੈਗੂਲੇਟਰੀ ਸੁਧਾਰ ਪੇਸ਼ ਕੀਤੇ ਹਨ | ਮੁੱਖ ਮੰਤਰੀ ਨੇ ਉਦਯੋਗ ਦੇ ਆਗੂਆਂ ਨੂੰ ਦੱਸਿਆ ਕਿ ਸੂਬੇ ਨੇ ਸੈਕਟਰ-ਵਿਸ਼ੇਸ਼ ਨੀਤੀਆਂ ਤਿਆਰ ਕਰਨ ਲਈ 24 ਸੈਕਟਰਲ ਕਮੇਟੀਆਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿਚੋਂ ਹਰੇਕ ਦੀ ਪ੍ਰਧਾਨਗੀ ਉਦਯੋਗ ਦੇ ਆਗੂਆਂ ਦੁਆਰਾ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਨਿਵੇਸ਼ ਲਿਆਉਣ ਦੇ ਉਪਰਾਲਿਆਂ ਵਜੋਂ ਦੋ-ਰੋਜ਼ਾ ਮੁੰਬਈ ਨਿਵੇਸ਼ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ | ਇਹ ਰੋਡ ਸ਼ੋਅ ਮੋਹਾਲੀ ਵਿਚ 13-15 ਮਾਰਚ 2026 ਤੱਕ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਮੁੱਖ ਪ੍ਰੀ-ਸਮਿਟ ਪਹਿਲਕਦਮੀ ਵਜੋਂ ਕੀਤਾ ਗਿਆ ਹੈ | ਰੋਡ ਸ਼ੋਅ ਦੇ ਪਹਿਲੇ ਦਿਨ, ਪੰਜਾਬ ਦੇ ਵਫ਼ਦ ਨੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਮੋਤੀਲਾਲ ਓਸਵਾਲ ਗਰੁੱਪ, ਕਾਰਗਿਲ ਇੰਡੀਆ, ਹਿੰਦੂਜਾ ਗਰੁੱਪ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ, ਵਾਰੀ ਗਰੁੱਪ, ਪਾਰਕਸਨ ਪੈਕੇਜਿੰਗ ਅਤੇ ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਸਮੇਤ ਪ੍ਰਮੁੱਖ ਕਾਰਪੋਰੇਟ ਸਮੂਹਾਂ ਦੀ ਸੀਨੀਅਰ ਲੀਡਰਸ਼ਿੱਪ ਨਾਲ ਉੱਚ-ਪੱਧਰੀ ਇਕ-ਤੋਂ-ਇਕ ਮੀਟਿੰਗਾਂ ਦੀ ਇੱਕ ਲੜੀ ਕੀਤੀ | ਇਸ ਤੋਂ ਪਹਿਲਾਂ ਦਿਨ ਵਿਚ, ਮੁੱਖ ਮੰਤਰੀ ਦੀ ਮੇਜ਼ਬਾਨੀ ਹਿੰਦੂਜਾ ਗਰੁੱਪ ਦੇ ਚੇਅਰਮੈਨ ਅਸ਼ੋਕ ਪੀ. ਹਿੰਦੂਜਾ ਨੇ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ 'ਚ ਰਾਹੁਲ ਦੇ ਭਾਸ਼ਨ 'ਤੇ ਭਾਰੀ ਹੰਗਾਮਾ ਅਗਲੀ ਖ਼ਬਰ 'ਆਪ' ਸਰਕਾਰ ਮਜੀਠੀਆ ਮਾਮਲੇ ਨੂੰ ਤਰਕਪੂਰਨ ਅੰਤ ਤੱਕ ਪਹੁੰਚਾਏਗੀ-ਅਮਨ ਅਰੋੜਾ
Ad Position 24