ਬਾਹਰ ਆਉਂਦੇ ਹੀ ਸਾਧੇ ਪੰਜਾਬ ਸਰਕਾਰ 'ਤੇ ਨਿਸ਼ਾਨੇ
ਜਗਨਾਰ ਸਿੰਘ ਦੁਲੱਦੀ ਗੁਰਪ੍ਰੀਤ ਸਿੰਘ ਚੱਠਾ
ਨਾਭਾ/ਪਟਿਆਲਾ, 3 ਫਰਵਰੀ-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਆ ਗਏ ਹਨ | ਉਨ੍ਹਾਂ ਨੂੰ ਬੀਤੇ ਦਿਨ ਹੀ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲ ਗਈ ਸੀ, ਪਰ ਅਦਾਲਤ ਦੀ ਕੁਝ ਜ਼ਰੂਰੀ ਕਾਰਵਾਈ ਕਾਰਨ ਉਨ੍ਹਾਂ ਦੀ ਜੇਲ੍ਹ ਵਿਚੋਂ ਕੱਲ੍ਹ ਰਿਹਾਈ ਨਹੀਂ ਹੋਈ ਸੀ ਜੋ ਅੱਜ ਹੋਈ ਹੈ | ਉਨ੍ਹਾਂ ਦੇ ਬਾਹਰ ਆਉਂਦੇ ਸਾਰ ਹੀ 'ਬੋਲੇ ਸੋ ਨਿਹਾਲ' ਤੇ 'ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ' ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ | ਜੇਲ੍ਹ ਦੇ ਬਾਹਰ ਇਕੱਤਰ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਪਾਰਟੀ ਵਰਕਰਾਂ ਵਲੋਂ ਮਜੀਠੀਆ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਲੱਡੂ ਵੰਡ ਕੇ ਭੰਗੜੇ ਪਾਏ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚੇ ਸਨ | ਇਸ ਮੌਕੇ ਸੀਨੀਅਰ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਉਨ੍ਹਾਂ ਦੇ ਗਲੇ ਵਿਚ ਸਿਰੋਪਾਓ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਕਿਹਾ ਕਿ ਉਹ ਨਾ ਕਦੇ ਰੁਕਣਗੇ ਤੇ ਨਾ ਹੀ ਕਦੇ ਝੁਕਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਵਿਚ ਰਹਿੰਦਿਆਂ ਸਮੇਂ ਸਰਕਾਰ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਤੰਗ-ਪੇ੍ਰਸ਼ਾਨ ਕੀਤਾ ਤੇ ਉਨ੍ਹਾਂ 'ਤੇ ਪਰਚੇ ਵੀ ਪਾਏ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਉਹ ਬਾਹਰ ਆਏ ਪਰ ਗੁਰੂ ਮਹਾਰਾਜ ਤੇ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਕਾਰਨ ਮੈਂ ਬਾਹਰ ਆਇਆਂ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੇ ਹੋਰ ਪਾਰਟੀਆਂ ਤਾਂ ਉਨ੍ਹਾਂ ਲਈ ਸਾਕਾਰਾਤਮਿਕ ਹੀ ਰਹੀਆਂ | ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ | ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਾਲੇ ਪੰਜਾਬ ਵਿਚੋਂ ਭਜਾਉਣੇ ਹਨ, ਦਿੱਲੀ ਵਾਲਿਆਂ ਨੂੰ ਅਸੀਂ ਇਥੇ ਸਰਕਾਰ ਨਹੀਂ ਚਲਾਉਣ ਦਿਆਂਗੇ | ਉਨ੍ਹਾਂ ਕਿਹਾ ਕਿ ਉਹ ਹੁਣ ਇੱਥੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾ ਕੇ ਗੁਰੂ ਦਾ ਸ਼ੁਕਰਾਨਾ ਕਰਨਗੇ | ਬਿਕਰਮ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਵੀ ਸੂਬਾ ਸਰਕਾਰ ਵਲੋਂ ਤੰਗ-ਪ੍ਰੇਸ਼ਾਨ ਕੀਤਾ ਗਿਆ, ਪਰ ਉਹ ਘਬਰਾਏ ਨਹੀਂ ਸਗੋਂ ਉਨ੍ਹਾਂ ਵਲੋਂ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਗਿਆ | ਇਸ ਮੌਕੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਐਡ. ਅਰਸ਼ਦੀਪ ਸਿੰਘ ਕਲੇਰ, ਭਗਵੰਤ ਸਿੰਘ ਸਿਆਲਕਾ, ਰਾਜਿੰਦਰ ਸਿੰਘ ਮਹਿਤਾ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਜਥੇਦਾਰ ਲਖਵੀਰ ਸਿੰਘ ਲੌਟ, ਰਵਿੰਦਰ ਸਿੰਘ ਚੀਮਾ, ਐਡ. ਵਿਕਰਮਜੀਤ ਸਿੰਘ ਬਾਠ, ਸੁਰਜੀਤ ਸਿੰਘ ਗੜ੍ਹੀ, ਅਮਿਤ ਸਿੰਘ ਰਾਠੀ, ਵੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਰਾਕੇਸ਼ ਪ੍ਰਾਸ਼ਰ, ਜੋਧ ਸਿੰਘ ਸਮਰਾ, ਗੁਰਪ੍ਰੀਤ ਸਿੰਘ ਵਡਾਲੀ, ਰਾਣਾ ਰਣਬੀਰ ਸਿੰਘ ਲੋਪੋਕੇ, ਗੁਰਸੇਵਕ ਸਿੰਘ ਗੋਲੂ, ਯੂਥ ਆਗੂ ਜੱਸਾ ਖੋਖ, ਜਥੇਦਾਰ ਬਲਦੇਵ ਸਿੰਘ ਖੋਖ, ਰਵਿੰਦਰ ਸ਼ਰਮਾ ਦੁਲੱਦੀ, ਸੁਖਵਿੰਦਰ ਸਿੰਘ ਛੀਟਾਂਵਾਲਾ, ਮੋਹਨ ਸਿੰਘ ਰਾਮਗੜ੍ਹ, ਪਿ੍ੰਸ ਤੁੰਗ, ਮੈਨੇਜਰ ਆਤਮਪ੍ਰਕਾਸ਼ ਸਿੰਘ ਬੇਦੀ, ਚੰਦ ਸਿੰਘ ਡੱਲਾ, ਅਮਰਜੀਤ ਸਿੰਘ ਰਸੂਲਪੁਰ, ਸੁਖਜੀਤ ਸਿੰਘ ਸੋਨੀ, ਤਰਲੋਕ ਸਿੰਘ ਬਾਠ, ਗੁਰਇਕਬਾਲ ਸਿੰਘ ਮਾਹਲ, ਰਾਜਨਬੀਰ ਸਿੰਘ ਘੁੰਮਣ ਤੇੇ ਡਾ. ਜਗਬੀਰ ਸਿੰਘ ਧਰਮਸੋਤ ਆਦਿ ਮੌਜੂਦ ਸਨ |
ਜੇਲ੍ਹ ਪ੍ਰਸ਼ਾਸਨ ਦਾ ਮਜੀਠੀਆ ਵਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ
ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਪ੍ਰਸ਼ਾਸਨ ਦਾ ਖ਼ਾਸ ਤੌਰ 'ਤੇ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੇਰੀ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਲੋਂ ਉਨ੍ਹਾਂ ਦੇ ਹੱਕ 'ਚ ਨਾਅਰਾ ਮਾਰਿਆ ਗਿਆ ਸੀ | ਇਸ ਮੌਕੇ ਪੁਲਿਸ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ |
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹੋਏ ਨਤਮਸਤਕ
ਜ਼ਮਾਨਤ ਮਿਲਣ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਨਾਭਾ ਜੇਲ੍ਹ ਤੋਂ ਰਿਹਾਈ ਮਗਰੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਪਟਿਆਲਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਆਪਣੀ ਪਤਨੀ ਗਨੀਵ ਕੌਰ ਸਮੇਤ ਨਤਮਸਤਕ ਹੋਏ | ਇਸ ਮੌਕੇ ਮਜੀਠੀਆ ਨੇ ਲਗਭਗ ਅੱਧਾ ਘੰਟਾ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਕਥਾ ਸਰਵਣ ਕੀਤੀ ਅਤੇ ਉਪਰੰਤ ਪਾਵਨ ਸਰੋਵਰ ਤੋਂ ਜਲ ਛਕਿਆ | ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ, ਸੁੱਚਾ ਸਿੰਘ ਲੰਗਾਹ, ਵਿਰਸਾ ਸਿੰਘ ਵਲਟੋਹਾ, ਜਸਪਾਲ ਸਿੰਘ ਬਿੱਟੂ ਚੱਠਾ, ਅਮਰਿੰਦਰ ਸਿੰਘ ਬਜਾਜ, ਜਗਮੀਤ ਸਿੰਘ ਹਰਿਆਊ, ਕਬੀਰ ਦਾਸ, ਅਮਿਤ ਸਿੰਘ ਰਾਠੀ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਸੁਰਜੀਤ ਸਿੰਘ ਗੜ੍ਹੀ, ਆਕਾਸ਼ ਬਾਕਸਰ, ਬਿਕਰਮ ਸਿੰਘ ਚੌਹਾਨ, ਹੈੱਡਗ੍ਰੰਥੀ ਗਿਆਨੀ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਤਪਾਲ ਸਿੰਘ, ਮੈਨੇਜਰ ਭਾਗ ਸਿੰਘ, ਸੁਖਵਿੰਦਰਪਾਲ ਸਿੰਘ ਮਿੰਟਾਂ, ਇੰਦਰਮੋਹਨ ਸਿੰਘ ਬਜਾਜ, ਹਰਵਿੰਦਰ ਸਿੰਘ ਬੱਬੂ, ਅਮਰਜੀਤ ਸਿੰਘ ਟੋਡਰਪੁਰ, ਭਾਈ ਰਾਜਿੰਦਰ ਸਿੰਘ ਮਹਿਤਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਅਮਰਜੀਤ ਸਿੰਘ ਚਾਵਲਾ, ਐਡ. ਭਗਵਾਨ ਸਿੰਘ ਸਿਆਲਕਾ ਅਤੇ ਅਜਾਇਬ ਸਿੰਘ ਮੱਲੀ ਆਦਿ ਵੀ ਮੌਜੂਦ ਸਨ |
ਨਾਭਾ ਜੇਲ੍ਹ ਤੋਂ ਰਿਹਾਅ ਹੋਏ ਮਜੀਠੀਆ
ਅਜੀਤ ਡੈਸਕ
04-02-2026