ਐੱਸ. ਏ. ਐੱਸ. ਨਗਰ, 3 ਫਰਵਰੀ (ਕਪਿਲ ਵਧਵਾ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਵਿਚ ਜੱਜ ਹਰਦੀਪ ਸਿੰਘ ਵਲੋਂ ਮਜੀਠੀਆ ਦੇ ਜ਼ਮਾਨਤੀ ਮੁਚੱਲਕੇ ਨਾਲ ਸੰਬੰਧਿਤ ਸ਼ਰਤਾਂ 'ਤੇ ਫ਼ੈਸਲਾ ਸੁਣਾਇਆ ਗਿਆ | 7 ਮਹੀਨਿਆਂ ਤੋਂ ਵੱਧ ਸਮਾਂ ਹਿਰਾਸਤ 'ਚ ਰਹਿਣ ਉਪਰੰਤ ਮਜੀਠੀਆ ਨੂੰ ਅਦਾਲਤ ਨੇ 2 ਲੱਖ ਰੁਪਏ ਦਾ ਮੁਚੱਲਕਾ ਭਰਨ ਦੀ ਸ਼ਰਤ 'ਤੇ ਜ਼ਮਾਨਤ ਦਿੱਤੀ ਹੈ | ਮੁਹਾਲੀ ਅਦਾਲਤ ਵਿਖੇ ਸੁਣਵਾਈ ਅੱਜ ਸਵੇਰੇ ਕਰੀਬ 10.15 ਵਜੇ ਸ਼ੁਰੂ ਹੋਈ | ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਤੇ ਪ੍ਰੀਤ ਇੰਦਰਪਾਲ ਸਿੰਘ ਹਾਜ਼ਰ ਰਹੇ, ਜਿਨ੍ਹਾਂ ਦੇ ਨਾਲ ਵਿਜੀਲੈਂਸ ਦੇ ਕਈ ਅਧਿਕਾਰੀ ਵੀ ਮੌਜੂਦ ਸਨ | ਬਚਾਅ ਪੱਖ ਵਲੋਂ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਅਤੇ ਉਨ੍ਹਾਂ ਦੇ ਵਕੀਲਾਂ ਦੀ ਟੀਮ ਨੇ ਅਦਾਲਤ ਅੱਗੇ ਮਜ਼ਬੂਤੀ ਨਾਲ ਬਹਿਸ ਕੀਤੀ | ਇਸ ਤੋਂ ਇਲਾਵਾ ਵਕੀਲ ਡੀ. ਐੱਸ. ਸੋਬਤੀ ਵਲੋਂ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਦਾਲਤ 'ਚ ਦਲੀਲਾਂ ਪੇਸ਼ ਕੀਤੀਆਂ ਗਈਆਂ | ਸਰਕਾਰੀ ਧਿਰ ਵਲੋਂ ਮਜੀਠੀਆ ਦੇ ਪੰਜਾਬ ਆਉਣ 'ਤੇ ਪਾਬੰਦੀ ਲਗਾਉਣ ਦੀ ਸ਼ਰਤ ਰੱਖੀ ਗਈ, ਜਿਸ ਦਾ ਬਚਾਅ ਪੱਖ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਅਦਾਲਤ ਨੇ ਸਰਕਾਰੀ ਧਿਰ ਦੀ ਇਸ ਮੰਗ ਨੂੰ ਖ਼ਾਰਜ ਕਰਦਿਆਂ ਮਜੀਠੀਆ ਦੇ ਪੰਜਾਬ ਆਉਣ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਉਣ 'ਤੇ ਇਨਕਾਰ ਕਰ ਦਿੱਤਾ | ਇਸਦੇ ਨਾਲ ਹੀ ਮਜੀਠੀਆ ਵਲੋਂ ਬਿਆਨਬਾਜ਼ੀ ਜਾਂ ਮੀਡੀਆ ਬਾਈਟਸ ਦੇਣ 'ਤੇ ਰੋਕ ਲਗਾਉਣ ਦੀ ਮੰਗ 'ਤੇ ਅਦਾਲਤ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 19 (2) ਦੇ ਮੱਦੇਨਜ਼ਰ ਭਾਸ਼ਨ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਕੋਈ ਪਾਬੰਦੀ ਨਹੀਂ ਲਗਾਈ | ਅਦਾਲਤ ਨੇ ਕਿਹਾ ਕਿ ਮਜੀਠੀਆ ਕੇਸ ਦੇ ਗਵਾਹਾਂ ਜਾਂ ਗਵਾਹਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਨਹੀਂ ਧਮਕਾਉਣਗੇ | ਮਜੀਠੀਆ ਦੇ ਵਕੀਲਾਂ ਵਲੋਂ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦਾ ਪਾਸਪੋਰਟ ਪਹਿਲਾਂ ਹੀ ਕਿਸੇ ਹੋਰ ਅਦਾਲਤ ਵਿਚ ਸਿਰੰਡਰ ਕੀਤਾ ਜਾ ਚੁੱਕਾ ਹੈ | ਇਸ ਦੇ ਚਲਦਿਆਂ ਅਦਾਲਤ ਨੇ ਹੁਕਮ ਦਿੱਤਾ ਕਿ ਜੇਕਰ ਪਾਸਪੋਰਟ ਕਿਸੇ ਹੋਰ ਅਦਾਲਤ ਵਿਚ ਜਮ੍ਹਾਂ ਹੈ ਤਾਂ ਉਸ ਸੰਬੰਧੀ ਐਫੀਡੇਵਿਟ ਇਸ ਅਦਾਲਤ ਵਿਚ ਦਾਖ਼ਲ ਕੀਤਾ ਜਾਵੇ | ਜ਼ਮਾਨਤੀ ਮੁਚੱਲਕਾ ਭਰਨ ਤੋਂ ਬਾਅਦ ਜੱਜ ਹਰਦੀਪ ਸਿੰਘ ਦੀ ਅਦਾਲਤ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਹੁਕਮ ਨਾਭਾ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਨੂੰ ਭੇਜ ਦਿੱਤੇ ਗਏ |
ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਮੁਹਾਲੀ ਅਦਾਲਤ ਵਲੋਂ ਜ਼ਮਾਨਤੀ ਮੁਚੱਲਕੇ ਦੀਆਂ ਸ਼ਰਤਾਂ ਤੈਅ <br/>
ਅਜੀਤ ਡੈਸਕ
04-02-2026