14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਗਲੇ 5 ਸਾਲਾਂ 'ਚ ਦੁਵੱਲਾ ਵਪਾਰ 30 ਅਰਬ ਡਾਲਰ ਕਰਨਗੇ ਭਾਰਤ ਤੇ ਬ੍ਰਾਜ਼ੀਲ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

• ਅੱਤਵਾਦ ਖ਼ਿਲਾਫ਼ ਦੋਵੇਂ ਦੇਸ਼ ਇਕਮਤ-ਮੋਦੀ
• ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 21 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਤੇ ਬ੍ਰਾਜ਼ੀਲ ਨੇ ਸਨਿਚਰਵਾਰ ਨੂੰ 2030 ਤੱਕ 30 ਅਰਬ ਡਾਲਰ ਦੇ ਸਾਲਾਨਾ ਦੁਵੱਲੇ ਵਪਾਰ ਦਾ ਟੀਚਾ ਮਿੱਥਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਡਾ ਸਿਲਵਾ ਵਿਚਾਲੇ ਲੰਬੀ ਚਰਚਾ ਤੋਂ ਬਾਅਦ ਦੋਵਾਂ ਪੱਖਾਂ ਨੇ 9 ਸਮਝੌਤਿਆਂ 'ਤੇ ਦਸਤਖਤ ਕੀਤੇ, ਜਿਨ੍ਹਾਂ 'ਚੋਂ ਇਕ ਦੁਰਲੱਭ ਧਰਤੀ ਦੇ ਖਣਿਜਾਂ ਦੇ ਖੇਤਰਾਂ 'ਚ ਸਹਿਯੋਗ ਅਤੇ ਦੂਜਾ ਭਵਿੱਖਮੁਖੀ ਡਿਜੀਟਲ ਭਾਈਵਾਲੀ ਬਣਾਉਣ 'ਤੇ ਹੈ, ਜੋ ਕਿ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਦਾ ਇਕ ਅਹਿਮ ਹਿੱਸਾ ਹੈ | ਇਸ ਸਮਝੌਤੇ ਨਾਲ ਆਲਮੀ ਸਪਲਾਈ ਚੇਨ 'ਚ ਚੀਨ ਦੀ ਨਿਰਭਰਤਾ ਘੱਟ ਕਰਨ, ਊਰਜਾ ਆਦਾਨ-ਪ੍ਰਦਾਨ ਦੇ ਸਮਰਥਨ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਮਜ਼ਬੂਤ ਹੋਵੇਗੀ | ਇਹ ਸਮਝੌਤਾ ਹੈਦਰਾਬਾਦ ਹਾਊਸ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਸ ਇਨਾਸੀਓ ਲੂਲਾ ਡਾ ਸਿਲਵਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਵੱਲੀ ਅਤੇ ਵਫ਼ਦ ਪੱਧਰ ਦੀ ਬੈਠਕ ਤੋਂ ਬਾਅਦ ਸਹੀਬੱਧ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਮਜ਼ਬੂਤ ਸਪਲਾਈ ਚੇਨ ਬਣਾਉਣ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ | ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੇਅਰ ਅਰਥ ਰਿਜ਼ਰਵ ਵਾਲਾ ਦੇਸ਼ ਹੈ ਜਿਸ ਕੋਲ ਤਕਰੀਬਨ 210 ਲੱਖ ਮੀਟਿ੍ਕ ਟਨ ਵਿਸ਼ਾਲ ਭੰਡਾਰ ਹੈ | ਇਹ ਸਮਝੌਤਾ ਦੋਹਾਂ ਦੇਸ਼ਾਂ ਨੂੰ ਕੱਚੇ ਮਾਲ ਦੇ ਨਿਰਯਾਤਕ ਤੋਂ ਅੱਗੇ ਵਧ ਕੇ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਅਤੇ ਰੀ-ਸਾਈਕਿਲੰਗ 'ਚ ਭਾਈਵਾਲ ਬਣਨ 'ਤੇ ਜ਼ੋਰ ਦਿੰਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲਾ ਵਪਾਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬ੍ਰਾਜ਼ੀਲ ਲੈਟਿਨ ਅਮਰੀਕਾ 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ | ਅਸੀਂ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੋਂ ਵੱਧ ਲੈ ਜਾਣ ਪ੍ਰਤੀ ਵਚਨਬੱਧ ਹਾਂ | ਉਨ੍ਹਾਂ ਕਿਹਾ ਕਿ ਸਾਡਾ ਵਪਾਰ ਸਿਰਫ ਇਕ ਅੰਕੜਾ ਨਹੀਂ ਸਗੋਂ ਭਰੋਸੇ ਦਾ ਪ੍ਰਤੀਕ ਹੈ |
ਬ੍ਰਾਜ਼ੀਲ 'ਚ ਡਿਜੀਟਲ ਪਬਲਿਕ ਬੁਨਿਆਦੀ ਢਾਂਚਾ ਸੈਂਟਰ ਖੋਲ੍ਹੇਗਾ ਭਾਰਤ-ਮੋਦੀ
ਪ੍ਰਧਾਨ ਮੰਤਰੀ ਨੇੇ ਹੈਦਰਾਬਾਦ ਹਾਊਸ 'ਚ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਭਾਰਤ, ਬ੍ਰਾਜ਼ੀਲ 'ਚ ਡਿਜੀਟਲ ਜਨਤਕ ਢਾਂਚੇ ਲਈ ਇਕ ਸੈਂਟਰ ਖੋਲ੍ਹੇਗਾ | ਉਨ੍ਹਾਂ ਕਿਹਾ ਕਿ ਅਸੀਂ ਏ. ਆਈ. ਸੁਪਰ ਕੰਪਿਊਟਰ, ਸੈਮੀ ਕੰਡਕਟਰ ਅਤੇ ਬਲਾਕਚੈੱਕ ਜਿਹੇ ਖੇਤਰ 'ਚ ਵੀ ਆਪਣੇ ਸਹਿਯੋਗ ਨੂੰ ਤਰਜੀਹ ਦੇ ਰਹੇ ਹਾਂ | ਦੋਵਾਂ ਦੇਸ਼ਾਂ ਨੇ ਤਕਨਾਲੋਜੀ ਨੂੰ ਇਕ ਪੁਲ ਵਜੋਂ ਵਰਤਣ 'ਤੇ ਵੀ ਸਹਿਮਤੀ ਪ੍ਰਗਟਾਈ |
ਊਰਜਾ ਖੇਤਰ 'ਚ ਸਹਿਯੋਗ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਮਜ਼ਬੂਤ ਨੀਂਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਰਜਾ ਦੇ ਖੇਤਰ 'ਚ ਸਹਿਯੋਗ ਨੂੰ ਭਾਰਤ ਅਤੇ ਬ੍ਰਾਜ਼ੀਲ ਦੇ ਰਿਸ਼ਤਿਆਂ ਦੀ ਮਜ਼ਬੂਤ ਨੀਂਹ ਦੱਸਦਿਆਂ ਕਿਹਾ ਕਿ ਤੇਲ ਅਤੇ ਗੈਸ ਤੋਂ ਇਲਾਵਾ ਹੁਣ ਦੋਵੇਂ ਦੇਸ਼ ਨਵਿਆਉਣਯੋਗ ਊਰਜਾ, ਈਥਾਨੋਲ ਮਿਕਸਚਰ ਅਤੇ ਟਿਕਾਊ ਈਾਧਨ ਜਿਹੇ ਨਵੇਂ ਖੇਤਰਾਂ 'ਚ ਵੀ ਤੇਜ਼ੀ ਨਾਲ ਕੰਮ ਕਰ ਰਹੇ ਹਨ | ਮੋਦੀ ਨੇ ਆਲਮੀ ਬਾਿਾੲਓਫਿਊਲ ਗੱਠਜੋੜ 'ਚ ਬ੍ਰਾਜ਼ੀਲ ਦੀ ਸਰਗਰਮ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ | ਮੋਦੀ ਨੇ ਇਹ ਵੀ ਕਿਹਾ ਕਿ ਬ੍ਰਾਜ਼ੀਲ ਨੇ ਭਾਰਤ ਨੂੰ ਆਫਤਾਂ ਦੇ ਪ੍ਰਤੀਕਰਮ ਬਾਰੇ ਬੁਨਿਆਦੀ ਢਾਂਚੇ ਦੇ ਗੱਠਜੋੜ ਦੀ ਸਹਿ-ਪ੍ਰਧਾਨਗੀ ਦਾ ਪ੍ਰਸਤਾਵ ਵੀ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਫਤਾਂ ਦੇ ਪ੍ਰਬੰਧਨ ਦੇ ਖੇਤਰ 'ਚ ਬ੍ਰਾਜ਼ੀਲ ਦਾ ਲੰਮਾ ਤਜਰਬਾ ਇਸ ਗੱਠਜੋੜ ਨੂੰ ਮਜ਼ਬੂਤ ਬਣਾਏਗਾ | ਮੋਦੀ ਨੇ ਇਹ ਵੀ ਕਿਹਾ ਕਿ ਸਿਹਤ ਅਤੇ ਦਵਾਈਆਂ ਦੇ ਖੇਤਰ 'ਚ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ | ਭਾਰਤ, ਬ੍ਰਾਜ਼ੀਲ ਨੂੰ ਸਸਤੀਆਂ ਅਤੇ ਵਧੀਆ ਦਵਾਈਆਂ ਦੀ ਸਪਲਾਈ ਵਧਾਉਣ ਲਈ ਕੰਮ ਕਰੇਗਾ |
ਡਿਜੀਟਲ ਸ਼ਕਤੀ ਅਤੇ ਨਵੀਂ ਊਰਜਾ ਸ਼ਕਤੀ ਦੀ ਮੁਲਾਕਾਤ-ਬ੍ਰਾਜ਼ੀਲੀ ਰਾਸ਼ਟਰਪਤੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਭਾਰਤ-ਬ੍ਰਾਜ਼ੀਲ ਸੰਬੰਧਾਂ ਅਤੇ ਦਿੱਲੀ 'ਚ ਹੋ ਰਹੀ ਮੁਲਾਕਾਤ ਨੂੰ ਖਾਸ ਦਸਦਿਆਂ ਕਿਹਾ ਕਿ ਇਹ ਸਿਰਫ ਆਲਮੀ ਦੱਖਣ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਿ੍ਕ ਤਾਕਤਾਂ ਹੀ ਨਹੀਂ, ਸਗੋਂ ਇਹ ਇਕ ਡਿਜੀਟਲ ਸ਼ਕਤੀ ਅਤੇ ਨਵੀਂ ਊਰਜਾ ਸ਼ਕਤੀ ਦੀ ਮੁਲਾਕਾਤ ਹੈ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਆਲਮੀ ਦੱਖਣ ਨੂੰ ਵੀ ਮਜ਼ਬੂਤ ਕਰਨਗੇ ਤਾਂ ਜੋ ਦੁਨੀਆ ਦੀਆਂ ਦੋ ਵੱਡੀਆਂ ਮਹਾਸ਼ਕਤੀਆਂ ਦਰਮਿਆਨ ਕਿਸੇ ਨਵੇਂ ਸੀਤ ਯੁੱਧ ਜਿਹੀ ਸਥਿਤੀ ਦਾ ਸਾਹਮਣਾ ਫਿਰ ਕਦੇ ਨਾ ਕਰਨਾ ਪਏ |
ਪਹਿਲਗਾਮ ਹਮਲੇ ਦੀ ਨਿਖੇਧੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਡੀ ਸਿਲਵਾ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਤਵਾਦ ਕਿਸੇ ਧਰਮ ਜਾਂ ਰਾਸ਼ਟਰੀਅਤਾ ਨਾਲ ਜੁੜਿਆ ਨਹੀਂ ਹੈ | ਮੋਦੀ ਨੇ ਵੀ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਇਸ ਸੰਬੰਧ 'ਚ ਇਕਮਤ ਹਨ ਕਿ ਅੱਤਵਾਦ ਅਤੇ ਉਸ ਦੇ ਸਮਰਥਕ ਪੂਰੀ ਤਰ੍ਹਾਂ ਮਨੁੱਖਤਾ ਦੇ ਦੁਸ਼ਮਣ ਹਨ |
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਬ੍ਰਾਜ਼ੀਲੀ ਰਾਸ਼ਟਰਪਤੀ ਨੇ ਸਨਿਚਰਵਾਰ ਨੂੰ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ | ਉਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਵੀ ਰਾਸ਼ਟਰਪਤੀ ਸਿਲਵਾ ਦਾ ਭਰਵਾਂ ਸਵਾਗਤ ਕੀਤਾ ਗਿਆ | ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ |
ਬ੍ਰਾਜ਼ੀਲੀਆਈ ਵਪਾਰ ਅਤੇ ਨਿਵੇਸ਼ ਪ੍ਰਮੋਸ਼ਨ ਏਜੰਸੀ ਦਾ ਉਦਘਾਟਨ
ਬ੍ਰਾਜ਼ੀਲੀ ਰਾਸ਼ਟਰਪਤੀ ਡੀ ਸਿਲਵਾ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ ਬ੍ਰਾਜ਼ੀਲ ਦੀ ਵਪਾਰ ਅਤੇ ਨਿਵੇਸ਼ ਪ੍ਰਮੋਸ਼ਨ ਏਜੰਸੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਬ੍ਰਾਜ਼ੀਲ ਦੇ ਉਤਪਾਦ ਅਤੇ ਸੇਵਾਵਾਂ ਨੂੰ ਆਲਮੀ ਬਾਜ਼ਾਰ 'ਚ ਹੁਲਾਰਾ ਮਿਲੇਗਾ ਅਤੇ ਵਿਦੇਸ਼ੀ ਨਿਵੇਸ਼ ਲਿਆਉਣ 'ਚ ਮਦਦ ਮਿਲੇਗੀ |
ਅਮਰੀਕੀ ਵਪਾਰ ਨੀਤੀ 'ਤੇ ਕੀਤੀ ਚਰਚਾ
ਦੋਵਾਂ ਆਗੂਆਂ ਨੇ ਅਮਰੀਕੀ ਸੁਪਰੀਮ ਕੋਰਟ ਦੇ ਟਰੰਪ ਪ੍ਰਸ਼ਾਸਨ ਦੇ ਪਰਸਪਰ ਟੈਰਿਫ਼ ਨੂੰ ਖਤਮ ਕਰਨ ਦੇ ਪ੍ਰਭਾਵਾਂ 'ਤੇ ਵੀ ਚਰਚਾ ਕੀਤੀ | ਵਿਦੇਸ਼ ਮੰਤਰਾਲੇ ਦੇ ਸਕੱਤਰ ਪੀ. ਕੁਮਾਰਨ ਨੇ ਇਕ ਸੰਖੇਪ ਕਾਨਫਰੰਸ ਦੌਰਾਨ ਕਿਹਾ ਕਿ ਦੋਵਾਂ ਪੱਖਾਂ ਵਿਚਾਲੇ ਅਮਰੀਕੀ ਵਪਾਰ ਨੀਤੀ ਤੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਦੇ ਅਸਰ 'ਤੇ ਚਰਚਾ ਹੋਈ | ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇਸ ਗੱਲ 'ਤੇ ਸਹਿਮਤ ਹੋਏ ਕਿ ਇਹ ਇਕ ਨਵਾਂ ਵਿਕਾਸ ਹੈ, ਦੋਵਾਂ ਪੱਖਾਂ ਨੂੰ ਇਸ ਦੇ ਅਸਰ ਦਾ ਅਧਿਅਨ ਕਰਨ ਤੇ ਅਮਰੀਕੀ ਪ੍ਰਸ਼ਾਸਨ ਦੇ ਅਗਲੇ ਕਦਮਾਂ ਦੀ ਉਡੀਕ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕ ਪੱਖੀ ਹੋਵੇਗਾ 'ਆਪ' ਸਰਕਾਰ ਦਾ 5ਵਾਂ ਬਜਟ-ਮੁੱਖ ਮੰਤਰੀ ਅਗਲੀ ਖ਼ਬਰ ਸਾਫ਼ ਤੇ ਸਿਹਤਮੰਦ ਵਾਤਾਵਰਨ ਜੀਵਨ ਦੇ ਅਧਿਕਾਰ ਦਾ ਅਟੁੱਟ ਹਿੱਸਾ-ਸੁਪਰੀਮ ਕੋਰਟ
Ad Position 24