ਨਵੀਂ ਦਿੱਲੀ, 21 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੇ ਭਾਰਤ ਮੰਡਪਮ 'ਚ ਯੂਥ ਕਾਂਗਰਸ ਦੇ ਕਾਰਜਕਰਤਾਵਾਂ ਵਲੋਂ ਬੀਤੇ ਦਿਨ ਕੀਤੇ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਨੇ ਕਾਂਗਰਸ ਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਨਾ ਸਿਰਫ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਜੰਮੂ-ਕਸ਼ਮੀਰ 'ਚ ਪ੍ਰਦਰਸ਼ਨ ਕੀਤਾ, ਸਗੋਂ ਪ੍ਰੈੱਸ ਕਾਨਫਰੰਸ ਰਾਹੀਂ ਵੀ ਤਿੱਖਾ ਹਮਲਾ ਬੋਲਿਆ | ਦਿੱਲੀ 'ਚ ਕਾਂਗਰਸੀ ਸੰਸਦ ਮੈਂਬਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੂਥ ਵਿੰਗ ਦੇ ਕਾਰਕੁੰਨਾਂ ਨੇ ਪ੍ਰਦਰਸ਼ਨ ਕੀਤਾ | ਭਾਜਪਾ ਯੁਵਾ ਮੋਰਚਾ ਦੇ ਕਾਰਜਕਰਤਾਵਾਂ ਨੇ 'ਕਾਂਗਰਸ, ਰਾਹੁਲ ਗਾਂਧੀ ਗੱਦਾਰ' ਅਤੇ 'ਦੇਸ਼ਧ੍ਰੋਹੀ ਰਾਹੁਲ ਗਾਂਧੀ ਮੁਆਫੀ ਮਾਂਗੇ' ਦੇ ਪੋਸਟਰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ | ਭਾਜਪਾ ਦੇ ਪ੍ਰਦਰਸ਼ਨ ਕਾਰਨ ਦਿੱਲੀ ਦੇ ਮਾਨ ਸਿੰਘ ਰੋਡ 'ਤੇ ਸੁਰੱਖਿਆ ਵਧਾ ਦਿੱਤੀ ਗਈ | ਦਿੱਲੀ ਪੁਲਿਸ ਦੇ ਨਾਲ ਆਰ. ਏ. ਟੀ. ਦੀ ਤਾਇਨਾਤੀ ਕੀਤੀ ਗਈ | ਭਾਜਪਾ ਵਲੋਂ ਦਿੱਲੀ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਕਾਗਰਸ ਦੇ ਅਕਬਰ ਰੋਡ ਸਥਿਤ ਮੁੱਖ ਦਫ਼ਤਰ ਜਾ ਕੇ ਖ਼ਤਮ ਹੋਇਆ | ਦਿੱਲੀ 'ਚ ਭਾਜਪਾ ਦੇ ਪ੍ਰਦਰਸ਼ਨ 'ਚ ਸੰਸਦ ਮੈਂਬਰ ਮਨੋਜ ਤਿਵਾੜੀ ਸ਼ਾਮਿਲ ਹੋਏ |
ਰਾਹੁਲ ਗਾਂਧੀ ਨੂੰ ਵਿਖਾਏ ਕਾਲੇ ਝੰਡੇ
ਰਾਹੁਲ ਗਾਂਧੀ ਜੋ ਸਨਿਚਰਵਾਰ ਨੂੰ ਆਰ. ਐਸ. ਐਸ. ਮਾਨਹਾਣੀ ਮਾਮਲੇ 'ਚ ਭਿਵੰਡੀ ਅਦਾਲਤ 'ਚ ਪਹੁੰਚੇ ਸਨ, ਮੁਲੰਡ ਟੋਪਲ ਦੇ ਕੋਲ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਗਏ | ਗੁਜਰਾਤ ਦੇ ਸੂਰਤ ਅਤੇ ਜੰਮੂ-ਕਸ਼ਮੀਰ 'ਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ |
ਕਾਂਗਰਸ ਨੇ ਦੇਸ਼ ਨੂੰ ਸ਼ਰਮਸਾਰ ਕੀਤਾ-ਰਿਜਿਜੂ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਸ਼ੁੱਕਰਵਾਰ ਨੂੰ ਏ. ਆਈ. ਸਿਖ਼ਰ ਸੰਮੇਲਨ 'ਚ ਕੀਤੇ ਵਿਰੋਧ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ | ਰਿਜਿਜੂ ਨੇ ਕਿਹਾ ਕਿ ਉਹ (ਸਿਖ਼ਰ ਸੰਮੇਲਨ) ਭਾਜਪਾ ਦੀ ਕੋਈ ਚੋਣ ਰੈਲੀ ਨਹੀਂ ਸੀ ਸਗੋਂ ਆਲਮੀ ਸਿਖ਼ਰ ਸੰਮੇਲਨ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪ ਹੀ ਰਾਸ਼ਟਰੀ ਸ਼ਰਮ ਦਾ ਕਾਰਨ ਬਣ ਗਈ ਹੈ |
ਮੁਲਜ਼ਮਾਂ ਨੂੰ 5 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
ਦਿੱਲੀ ਪੁਲਿਸ ਵਲੋਂ ਸ਼ੁੱਕਰਵਾਰ ਨੂੰ ਏ. ਆਈ. ਸਿਖ਼ਰ ਸੰਮੇਲਨ 'ਚ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ | ਅਦਾਲਤ ਨੇ ਪੁਲਿਸ ਨੂੰ ਦੋਸ਼ੀਆਂ ਦੀ 5 ਦਿਨਾਂ ਰਿਮਾਂਡ ਦੇ ਦਿੱਤਾ |
ਕਾਂਗਰਸ ਦੇ ਪ੍ਰਦਰਸ਼ਨ ਦੇ ਵਿਰੋਧ 'ਚ ਭਾਜਪਾ ਵਲੋਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ
ਅਜੀਤ ਡੈਸਕ
22-02-2026