ਗੁਹਾਟੀ, 21 ਫਰਵਰੀ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਦੀ 31 ਮਾਰਚ ਦੀ ਸਮਾਂ ਸੀਮਾ ਤੱਕ ਦੇਸ਼ 'ਚੋਂ ਨਕਸਲਵਾਦ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ | ਉੱਤਰ-ਪੂਰਬ ਵਿਚ ਪਹਿਲੀ ਵਾਰ ਕਰਵਾਈ 87ਵੀਂ ਸੀ.ਆਰ.ਪੀ.ਐਫ. ਦਿਵਸ ਪਰੇਡ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਸੀ.ਆਰ.ਪੀ.ਐਫ. ਨੇ ਜੰਮੂ-ਕਸ਼ਮੀਰ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ | ਇਸ ਤੋਂ ਇਲਾਵਾ, ਸਿਰਫ਼ ਤਿੰਨ ਸਾਲਾਂ 'ਚ ਨਸਲੀ ਹਿੰਸਾ ਨਾਲ ਨਜਿੱਠਣ ਅਤੇ ਨਕਸਲੀਆਂ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਮਨੀਪੁਰ 'ਚ ਵੀ ਸੀ.ਆਰ.ਪੀ.ਐਫ. ਨੂੰ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਸੀ. ਆਰ. ਪੀ. ਐਫ. 'ਤੇ ਭਰੋਸਾ ਕਰ ਸਕਦਾ ਹਾਂ ਅਤੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਸੀਂ 31 ਮਾਰਚ 2026 ਤੱਕ ਦੇਸ਼ 'ਚੋਂ ਨਕਸਲਵਾਦ ਦੀ ਸਮੱਸਿਆ ਨੂੰ ਖ਼ਤਮ ਕਰ ਦੇਵਾਂਗੇ | ਗ੍ਰਹਿ ਮੰਤਰੀ ਨੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ ਕਰੇਗੁੱਟਾ ਪਹਾੜੀਆਂ ਵਿਚ 21 ਦਿਨਾਂ ਦੇ 'ਆਪ੍ਰੇਸ਼ਨ ਬਲੈਕ ਫੋਰੈਸਟ' ਲਈ ਸੁਰੱਖਿਆ ਬਲਾਂ ਦੀ ਭਰਪੂਰ ਸ਼ਲਾਘਾ ਕੀਤੀ | ਸੁਰੱਖਿਆ ਬਲਾਂ ਵਲੋਂ ਅਪ੍ਰੈਲ-ਮਈ 2025 ਦੌਰਾਨ ਚਲਾਏ ਇਸ ਆਪ੍ਰੇਸ਼ਨ ਵਿਚ 31 ਨਕਸਲੀ ਮਾਰੇ ਗਏ ਸਨ | ਉਨ੍ਹਾਂ ਕਿਹਾ ਕਿ 10-11 ਸਾਲ ਪਹਿਲਾਂ ਦੇਸ਼ ਵਿਚ ਤਿੰਨ ਵੱਡੇ ਹੌਟਸਪੌਟ ਸਨ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦ, ਉੱਤਰ-ਪੂਰਬ ਵਿਚ ਨਕਸਲਵਾਦ ਅਤੇ ਬਗ਼ਾਵਤ ਜੋ ਜ਼ਖ਼ਮਾਂ ਵਾਂਗ ਸਨ ਪਰ ਹੁਣ ਸ਼ਾਂਤੀ ਅਤੇ ਤਰੱਕੀ ਦੇ ਕੇਂਦਰ ਬਣ ਗਏ ਹਨ |