ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਟੇਟ ਨਾਮ ਅਥਾਰਟੀ ਨੇ ਦਿੱਲੀ ਦੇ 9 ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲ ਦਿੱਤੇ ਹਨ | ਮੁੱਖ ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ ਅਥਾਰਟੀ ਨੇ 21 ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲਣ ਦੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ, ਜਿਸ 'ਚ 12 ਨੂੰ ਬਰਕਰਾਰ ਰੱਖਿਆ, 7 ਦੇ ਨਾਂਵਾਂ 'ਚ ਸੋਧ ਕੀਤੀ ਅਤੇ ਦੋ ਦੇ ਨਾਂਅ ਬਦਲ ਦਿੱਤੇ | ਮੁੱਖ ਮੰਤਰੀ ਨੇ ਕਿਹਾ ਕਿ ਮੈਟਰੋ ਸਟੇਸ਼ਨਾਂ ਦੇ ਨਾਂਵਾਂ ਨੂੰ ਜਨਤਕ ਭਾਵਨਾਵਾਂ ਅਤੇ ਸਥਾਨਕ ਪਛਾਣਾਂ ਅਨੁਸਾਰ ਅੰਤਿਮ ਰੂਪ ਦਿੱਤੇ ਗਏ ਹਨ | ਸੋਧੇ ਹੋਏ ਸਟੇਸ਼ਨਾਂ ਦੇ ਨਾਵਾਂ 'ਚ ਉਤਰੀ ਪੀਤਮਪੁਰਾ-ਪ੍ਰਸ਼ਾਂਤ ਵਿਹਾਰ (ਪਹਿਲਾਂ ਪ੍ਰਸ਼ਾਂਤ ਵਿਹਾਰ), ਜਗਤਪੁਰ-ਵਜ਼ੀਰਾਬਾਦ (ਪਹਿਲਾਂ ਜਗਤਪੁਰ), ਨਾਨਕ ਪਿਆਉ-ਡੇਰਾਵਾਲ ਨਗਰ (ਪਹਿਲਾਂ ਡੇਰਾਵਾਲ ਨਗਰ), ਖਾਨਪੁਰ-ਵਾਯੂਸੈਨਾਬਾਦ (ਪਹਿਲਾਂ ਖਾਨਪੁਰ), ਨਾਨਕਸਰ-ਸੋਨੀਆ ਵਿਹਾਰ (ਪਹਿਲਾਂ ਸੋਨੀਆ ਵਿਹਾਰ), ਸ੍ਰੀ ਰਾਮ ਮੰਦਰ ਮਯੂਰ ਵਿਹਾਰ (ਪਹਿਲਾਂ ਮਯੂਰ ਵਿਹਾਰ ਪਾਕੇਟ 1) ਅਤੇ ਮੰਗੋਲਪੁਰ ਕਲਾਂ-ਵੈਸਟ ਐਨਕਲੇਵ (ਪਹਿਲਾਂ ਵੈਸਟ ਐਨਕਲੇਵ) ਸ਼ਾਮਿਲ ਹਨ | ਇਸ ਤੋਂ ਇਲਾਵਾ ਉਤਰੀ ਪੀਤਮਪੁਰਾ ਦਾ ਨਾਂਅ ਉਸ ਦੀ ਸਥਾਨਕ ਪਛਾਣ ਅਨੁਸਾਰ ਹੈਦਰਪੁਰ ਪਿੰਡ ਅਤੇ ਪੀਤਮਪੁਰਾ ਦਾ ਨਾਂਅ ਮਧੂਬਨ ਚੌਕ ਕਰ ਦਿੱਤਾ ਗਿਆ ਹੈ | ਰਿਪੋਰਟਾਂ 'ਚ ਮੂਲ ਰੂਪ 'ਚ ਪ੍ਰਸਤਾਵਿਤ ਨਾਵਾਂ ਮਜਲਿਸ ਪਾਰਕ, ਭਲਸਵਾ, ਹੈਦਰਪੁਰ ਬਦਲੀ ਮੋੜ, ਦੀਪਾਲੀ ਚੌਕ, ਯਮੁਨਾ ਵਿਹਾਰ, ਭਜਨਪੁਰਾ, ਖਜੂਰੀ ਖਾਸ, ਸੂਰਘਾਟ, ਝਰੋਦਾ ਮਾਜਰਾ, ਬੁਰਾੜੀ, ਪੁਸ਼ਪਾਂਜਲੀ ਅਤੇ ਮੌਜਪੁਰ-ਬਾਬਰਪੁਰ ਨੂੰ ਬਰਕਰਾਰ ਰੱਖਿਆ ਗਿਆ ਹੈ |