ਪਾਕਿ ਸਿੱਖਾਂ ਵਲੋਂ ਈ.ਟੀ.ਪੀ.ਬੀ. ਅਧਿਕਾਰੀ ਨੂੰ ਬਰਖ਼ਾਸਤ ਕਰਨ ਦੀ ਮੰਗ
ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸਥਿਤ ਘੱਟ-ਗਿਣਤੀ ਭਾਈਚਾਰੇ ਦੇ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਪੂਜਾ ਅਸਥਾਨਾਂ ਦੇ ਰੱਖ-ਰਖਾਅ ਲਈ ਕਾਇਮ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵਲੋਂ ਇਕ ਹੋਰ ਇਤਿਹਾਸਕ ਗੁਰਦੁਆਰੇ ਨੂੰ ਵੇਚੇ ਜਾਣ ਦਾ ਮਾਮਲਾ ਖ਼ੈਬਰ ਪਖਤੂਨਖਵਾ 'ਚ ਐਬਟਾਬਾਦ ਸ਼ਹਿਰ ਦੇ ਮੀਡੀਆ ਦੀ ਮਾਰਫ਼ਤ ਸਾਹਮਣੇ ਆਇਆ ਹੈ | ਮੀਡੀਆ ਰਿਪੋਰਟਾਂ ਮੁਤਾਬਿਕ ਈ.ਟੀ.ਪੀ.ਬੀ. ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸਥਿਤ ਪ੍ਰਸ਼ਾਸਕ ਨੇ ਸਿੱਖ ਰਾਜ ਵੇਲੇ ਉਸਾਰਿਆ ਗਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਬਟਾਬਾਦ ਦਾ ਕਬਜ਼ਾ ਉਥੋਂ ਦੇ ਸਥਾਨਕ ਰਿਹਾਇਸ਼ੀ ਵਹੀਦ ਬਾਲਾ ਨਾਂਅ ਦੇ ਵਿਅਕਤੀ ਨੂੰ ਕਥਿਤ ਤੌਰ 'ਤੇ ਇਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਦੇ ਦਿੱਤਾ ਹੈ | ਉਕਤ ਅਧਿਕਾਰੀ ਵਲੋਂ ਇਸ ਗੁਰਦੁਆਰੇ ਨੂੰ ਢਾਹ ਕੇ ਇਸ ਦੀ ਜਗ੍ਹਾ 'ਤੇ ਕੱਪੜੇ ਦੀ ਬੁਟੀਕ ਬਣਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਇਸ ਗੁਰਦੁਆਰੇ ਨੂੰ ਵਹੀਦ ਬਾਲਾ ਦੀਆਂ ਦੋ ਪਤਨੀਆਂ ਰੀਦਾ ਜਾਦੂਨ ਅਤੇ ਆਇਸ਼ਾ ਵਹੀਦ ਦੇ ਨਾਂਅ 'ਤੇ ਤਬਦੀਲ ਕਰ ਦਿੱਤਾ ਗਿਆ ਹੈ | ਪਾਕਿ ਸਿੱਖ ਆਗੂਆਂ ਨੇ ਈ.ਟੀ.ਪੀ.ਬੀ. ਦੇ ਅਧਿਕਾਰੀ ਨੂੰ ਤੁਰੰਤ ਬਰਖ਼ਾਸਤ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗ ਨੇ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਕਿਰਾਏ 'ਤੇ ਦਿੱਤੀਆਂ ਦੁਕਾਨਾਂ ਤੋਂ ਅਜੇ ਤੱਕ ਕਰੋੜਾਂ ਰੁਪਏ ਦੀ ਕਮਾਈ ਕੀਤੀ, ਪਰ ਨਿਯਮਾਂ ਦੇ ਉਲਟ ਵਿਭਾਗ ਨੇ ਗੁਰਦੁਆਰੇ ਦੀ ਮੁਰੰਮਤ ਜਾਂ ਸੇਵਾ-ਸੰਭਾਲ 'ਤੇ ਇਕ ਪੈਸਾ ਵੀ ਖ਼ਰਚ ਨਹੀਂ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਗੁਰਮੁਖੀ 'ਚ ਉੱਕਰਿਆ 'ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ' ਅਤੇ ਦੀਵਾਨ ਹਾਲ ਦੇ ਬਾਹਰ 'ਸਚਖੰਡਿ ਵਸੈ ਨਿਰੰਕਾਰ' ਲਿਖਿਆ ਸਾਫ਼ ਪੜਿ੍ਹਆ ਜਾ ਸਕਦਾ ਹੈ |
ਪਾਕਿਸਤਾਨ 'ਚ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ ਇਤਿਹਾਸਕ ਗੁਰਦੁਆਰਾ
ਅਜੀਤ ਡੈਸਕ
23-02-2026