• ਪੰਜਾਬੀ ਅਤੇ ਗੁਜਰਾਤੀ ਸਭ ਤੋਂ ਜ਼ਿਆਦਾ • ਅਮਰੀਕੀ ਪੰਜਾਬੀਆਂ ਤੇ ਗੁਜਰਾਤੀਆਂ 'ਚ ਫ਼ਿਕਰ
ਹਰਜਿੰਦਰ ਸਿੰਘ ਲਾਲ
ਖੰਨਾ, 22 ਫਰਵਰੀ-ਅਮਰੀਕਾ 'ਚ ਭਾਰਤੀਆਂ ਦੀ ਪ੍ਰੇਸ਼ਾਨੀ ਵਧ ਰਹੀ ਹੈ | ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (ਡੀ.ਐਚ.ਐਸ.) ਨੇ ਇਕ ਨਵੀਂ ਵੈੱਬਸਾਈਟ 'ਤੇ ਬੁਰੇ ਤੋਂ ਬੁਰੇ ਕਰੀਬ 25,000 ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਦੀ ਜਾਣਕਾਰੀ ਜਨਤਕ ਕੀਤੀ ਹੈ | ਇਸ ਵੈੱਬਸਾਈਟ 'ਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸ) ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਲੋਂ ਗੰਭੀਰ ਅਪਰਾਧਾਂ ਅਧੀਨ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਵੇਰਵੇ ਦਰਜ ਹਨ | ਇਸ ਸੂਚੀ ਵਿਚ 89 ਭਾਰਤੀ ਮੂਲ ਦੇ ਵਿਅਕਤੀ ਹਨ, ਜਿਨ੍ਹਾਂ ਵਿਚ 2 ਦਰਜਨ ਤੋਂ ਵਧੇਰੇ ਲੋਕਾਂ ਦੇ ਨਾਂਅ ਨਾਲ ਸਿੰਘ ਜਾਂ ਕੌਰ ਲਿਖਿਆ ਹੈ | ਹਾਲਾਂਕਿ ਇਨ੍ਹਾਂ ਵਿਚੋਂ ਬਹੁਤੇ ਮੋਨੇ ਹਨ | ਜਦੋਂ ਕਿ ਗੁਜਰਾਤੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ | ਬਾਕੀਆਂ ਵਿਚ ਮੁਸਲਮਾਨ ਤੇ ਹੋਰ ਭਾਰਤੀ ਹਨ | ਇਨ੍ਹਾਂ ਸਾਰਿਆਂ ਨੂੰ ਹੀ ਅਮਰੀਕਾ ਤੋਂ ਵਾਪਸ ਭੇਜਿਆ (ਡਿਪੋਰਟ) ਜਾ ਰਿਹਾ ਹੈ | ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ | ਡੀ.ਐਚ.ਐਸ. ਨੇ ਕਿਹਾ ਕਿ ਇਹ ਅੰਕੜਾ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਅਪਰਾਧੀਆਂ ਬਾਰੇ ਜਾਣਕਾਰੀ ਦੇਣ ਲਈ ਬਣਾਇਆ ਗਿਆ ਹੈ ਜੋ ਉਨ੍ਹਾਂ ਦੇ ਸਮਾਜ ਲਈ ਖ਼ਤਰਾ ਬਣੇ ਹੋਏ ਹਨ | ਇਸ ਸੂਚੀ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿਚ ਵੱਡੀ ਹੱਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਬਹੁਤੇ ਭਾਰਤੀ-ਅਮਰੀਕੀ ਕਾਨੂੰਨ ਪਾਲਣ ਵਾਲੇ ਨਾਗਰਿਕ ਹਨ ਅਤੇ ਅਮਰੀਕੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਪਾ ਰਹੇ ਹਨ, ਪਰ ਕੁਝ ਵਿਸ਼ਲੇਸ਼ਕ ਇਸ ਨੂੰ ਨਸਲੀ ਵਿਤਕਰੇ ਵਜੋਂ ਵੀ ਵੇਖ ਰਹੇ ਹਨ | ਡੀ.ਐਚ.ਐਸ. ਨੇ ਇਸ ਨੂੰ ਅਪਰਾਧ ਵਿਰੋਧੀ ਕਾਰਵਾਈ ਐਲਾਨਿਆ ਹੈ | ਇਸ ਰਿਪੋਰਟ ਨੇ ਅਮਰੀਕੀ ਪੰਜਾਬੀਆਂ ਅਤੇ ਗੁਜਰਾਤੀਆਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ |
ਭਾਰਤੀਆਂ 'ਚ ਸਿੰਘ ਜਾਂ ਕੌਰ ਨਾਂਅ ਵਾਲੇ ਵਿਅਕਤੀਆਂ ਦਾ ਵੇਰਵਾ
2 ਦਰਜਨ ਤੋਂ ਵਧੇਰੇ ਅਜਿਹੇ ਵਿਅਕਤੀਆਂ 'ਤੇ ਵਿੱਤੀ ਧੋਖਾਧੜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਕ ਅਪਰਾਧਾਂ ਵਰਗੇ ਦੋਸ਼ ਹਨ | ਵੈੱਬਸਾਈਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੇਰਵੇ ਆਮ ਜਨਤਾ ਲਈ ਉਪਲਬਧ ਹਨ | ਸੂਚੀ ਅਨੁਸਾਰ ਗਿ੍ਫ਼ਤਾਰ ਕੀਤੇ ਵਿਅਕਤੀਆਂ ਵਿਚ ਬਲਬੀਰ ਸਿੰਘ ਨੂੰ ਕਤਲ ਦੇ ਦੋਸ਼ ਵਿਚ ਲਾਸ ਏਾਜਲਸ ਤੋਂ, ਕੁਲਦੀਪ ਸਿੰਘ ਨੂੰ ਚੋਰੀ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਿਚ ਕੈਲੀਫੋਰਨੀਆ ਤੋਂ, ਹਰਜਿੰਦਰ ਸਿੰਘ ਨੂੰ ਵਿੱਤੀ ਧੋਖਾਧੜੀ ਅਤੇ ਧੋਖੇ ਦੇ ਮਾਮਲੇ ਵਿਚ ਨਿਊ ਜਰਸੀ ਵਿਚੋਂ, ਹਰਪ੍ਰੀਤ ਸਿੰਘ ਨੰੂ ਨਸ਼ਿਆਂ ਦੀ ਤਸਕਰੀ ਵਿਚ ਟੈਕਸਾਸ ਤੋਂ, ਅੰਤਰਪ੍ਰੀਤ ਕੌਰ ਨੂੰ ਮਨੀ ਲਾਂਡਰਿੰਗ ਅਤੇ ਧੋਖਾਧੜੀ ਵਿਚ ਨਿਊ ਯਾਰਕ ਤੋਂ, ਅੰਮਿ੍ਤਪਾਲ ਸਿੰਘ ਨੂੰ ਜਿਨਸੀ ਅਪਰਾਧ ਅਤੇ ਹਿੰਸਾ ਵਿਚ ਕੈਲੀਫੋਰਨੀਆ ਤੋਂ, ਕਰਮਜੀਤ ਸਿੰਘ ਨੂੰ ਡਾਕੇ ਅਤੇ ਹਮਲੇ ਦੇ ਕੇਸ ਵਿਚ ਇਲੀਨੌਇਸ ਤੋਂ, ਵਰਿੰਦਰ ਸਿੰਘ ਨੂੰ ਨਸ਼ੇ ਰੱਖਣ ਅਤੇ ਤਸਕਰੀ ਦੇ ਮਾਮਲੇ ਵਿਚ ਫਲੋਰੀਡਾ ਤੋਂ, ਦਮਨਪ੍ਰੀਤ ਸਿੰਘ ਨੂੰ ਵਿੱਤੀ ਧੋਖੇ ਅਤੇ ਨਕਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਨਿਊ ਜਰਸੀ ਤੋਂ, ਰਵਦੀਪ ਸਿੰਘ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿਚ ਕੈਲੀਫੋਰਨੀਆ ਵਿਚੋਂ, ਗੁਰਪਿੰਦਰ ਸੰਧੂ ਨੂੰ ਮਨੀ ਲਾਂਡਰਿੰਗ ਵਿਚ ਵਾਸ਼ਿੰਗਟਨ ਤੋਂ, ਪਰਮਵੀਰ ਸਿੰਘ ਨੂੰ ਨਸ਼ਿਆਂ ਦੇ ਮਾਮਲੇ ਵਿਚ ਟੈਕਸਾਸ ਤੋਂ, ਨਵਜੋਤ ਸਿੰਘ ਨੂੰ ਧੋਖੇ ਤੇ ਚੋਰੀ ਵਿਚ ਨਿਊਯਾਰਕ ਤੋਂ, ਹਰਪਿੰਦਰ ਸਿੰਘ ਨੂੰ ਜਿਨਸੀ ਅਪਰਾਧ ਵਿਚ ਇਲੀਨੌਇਸ ਵਿਚ, ਸੁਖਦੇਵ ਸਿੰਘ ਨੂੰ ਡਾਕੇ ਅਤੇ ਹਿੰਸਾ ਦੇ ਮਾਮਲੇ ਵਿਚ ਫਲੋਰੀਡਾ ਵਿਚ, ਗੁਰਵਿੰਦਰ ਸਿੰਘ ਨੂੰ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਕੈਲੀਫੋਰਨੀਆ ਤੋਂ, ਦਲਵੀਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਨਿਊ ਜਰਸੀ ਤੋਂ, ਰੁਪਿੰਦਰ ਸਿੰਘ ਨੂੰ ਘਰੇਲੂ ਹਿੰਸਾ ਵਿਚ ਨਿਊਯਾਰਕ ਤੋਂ, ਮਨਜਿੰਦਰ ਸਿੰਘ ਨੂੰ ਧੋਖੇ ਅਤੇ ਮਨੀ ਲਾਂਡਰਿੰਗ ਲਈ ਟੈਕਸਾਸ ਤੋਂ, ਸੁਰਜੀਤ ਸਿੰਘ ਨੂੰ ਹਮਲੇ ਅਤੇ ਡਾਕੇ ਲਈ ਕੈਲੀਫੋਰਨੀਆ ਤੋਂ, ਜਸਪਾਲ ਸਿੰਘ ਨੂੰ ਨਸ਼ਿਆਂ ਕਾਰਨ ਇਲੀਨੌਇਸ ਤੋਂ, ਵਿਜੈਦੀਪ ਸਿੰਘ ਨੂੰ ਵਿੱਤੀ ਠੱਗੀ ਲਈ ਨਿਊਜਰਸੀ ਤੋਂ, ਵਿਕਰਮਵੀਰ ਸਿੰਘ ਨੂੰ ਜਿਨਸੀ ਅਪਰਾਧ ਲਈ ਫਲੋਰੀਡਾ ਤੋਂ, ਸੁਮਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਾਸ਼ਿੰਗਟਨ ਤੋਂ, ਗੁਰਦੇਵ ਸਿੰਘ ਨੂੰ ਘਰੇਲੂ ਹਿੰਸਾ ਕਾਰਨ ਨਿਊਯਾਰਕ ਤੋਂ, ਗੁਰਜਿੰਦਰ ਸਿੰਘ ਨੂੰ ਧੋਖੇ ਅਤੇ ਚੋਰੀ ਕਾਰਨ ਕੈਲੀਫੋਰਨੀਆ ਤੋਂ, ਮਨਜੋਤ ਸਿੰਘ ਨੂੰ ਮਨੀ ਲਾਂਡਰਿੰਗ ਕਾਰਨ ਟੈਕਸਾਸ ਤੋਂ, ਗੁਰਪਰਮਿੰਦਰ ਸਿੰਘ ਨੂੰ ਡਾਕੇ ਅਤੇ ਹਮਲੇ ਲਈ ਨਿਊਜਰਸੀ ਤੋਂ, ਬਲਜਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇਲੀਨੌਇਸ ਤੋਂ ਅਤੇ ਗਗਨ ਸਿੰਘ ਨੂੰ ਵਿੱਤੀ ਧੋਖਾਧੜੀ ਲਈ ਫਲੋਰੀਡਾ ਤੋਂ ਗਿ੍ਫ਼ਤਾਰ ਕੀਤਾ ਗਿਆ |
ਪਟੇਲ ਅਤੇ ਹੋਰ ਗੁਜਰਾਤੀ ਨਾਂਅ ਵਾਲੇ ਕਰੀਬ ਡੇਢ ਦਰਜਨ ਵਿਅਕਤੀ
ਇਸ ਸੂਚੀ ਵਿਚ ਗੁਜਰਾਤੀ ਉਪ ਜਾਤੀਆਂ ਵਜੋਂ ਪਛਾਣੇ ਜਾਣ ਵਾਲੇ ਕਰੀਬ ਡੇਢ ਦਰਜਨ ਵਿਅਕਤੀਆਂ ਦੇ ਨਾਂਅ ਹਨ |
ਲਗਭਗ 40 ਵਿਅਕਤੀ ਵੱਖ-ਵੱਖ ਰਾਜਾਂ ਨਾਲ ਸੰਬੰਧਿਤ
ਇਸ ਸੂਚੀ ਵਿਚ ਸ਼ਾਮਿਲ ਕਰੀਬ 40 ਹੋਰ ਵਿਅਕਤੀਆਂ ਦੀ ਪਛਾਣ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੁਸਲਿਮ ਭਾਈਚਾਰੇ ਆਦਿ ਵਜੋਂ ਹੋਈ ਹੈ | ਇਨ੍ਹਾਂ 'ਤੇ ਵੀ ਵਿੱਤੀ ਅਪਰਾਧ ਅਤੇ ਤਸਕਰੀ ਆਦਿ ਦੇ ਦੋਸ਼ ਹਨ | ਇਹ ਸੂਚੀ ਭਾਰਤੀ ਭਾਈਚਾਰੇ ਲਈ ਚਿੰਤਾ ਵਧਾ ਰਹੀ ਹੈ, ਕਿਉਂਕਿ ਇਸ ਨੇ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਇੱਜ਼ਤ ਨੂੰ ਪ੍ਰਭਾਵਿਤ ਕੀਤਾ ਹੈ |
ਅਮਰੀਕਾ ਦੇ 25 ਹਜ਼ਾਰ ਖ਼ਤਰਨਾਕ ਅਪਰਾਧੀਆਂ ਦੀ ਸੂਚੀ 'ਚ 89 ਭਾਰਤੀ
ਅਜੀਤ ਡੈਸਕ
23-02-2026