13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਕਾਰ ਇਮਾਨਦਾਰੀ ਨਾਲ ਇਕ-ਇਕ ਪੈਸਾ ਲੋਕਾਂ ਦੀ ਭਲਾਈ 'ਤੇ ਖਰਚ ਰਹੀ ਹੈ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 25-02-2026

ਸਰਦੂਲਗੜ੍ਹ 'ਚ ਸਰਕਾਰੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਿਆ
ਝੁਨੀਰ (ਮਾਨਸਾ), 24 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ/ਸੰਜੀਵ ਸਿੰਗਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦੂਲਗੜ੍ਹ ਹਲਕੇ ਦੇ ਪਿੰਡ ਫ਼ਤਿਹਗੜ੍ਹ ਸਾਹਨੇਵਾਲੀ ਵਿਖੇ ਸਰਕਾਰੀ ਆਈ. ਟੀ. ਆਈ. ਦਾ ਨੀਂਹ ਪੱਥਰ ਰੱਖਿਆ | ਇਸ ਆਈ.ਟੀ.ਆਈ. ਦੀ ਉਸਾਰੀ 'ਤੇ ਲਗਭਗ 24.50 ਕਰੋੜ ਰੁਪਏ ਖ਼ਰਚ ਆਉਣਗੇ, ਜਦਕਿ 240 ਵਿਦਿਆਰਥੀਆਂ ਦੀ ਸਮਰੱਥਾ ਵਾਲੀ ਇਸ ਸੰਸਥਾ 'ਚ 5 ਟਰੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ | ਉਦਘਾਟਨ ਉਪਰੰਤ ਕਸਬਾ ਝੁਨੀਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਰਾਜ ਦੇ ਲੋਕਾਂ ਦਾ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਰੁਖ਼ ਕਾਰਨ ਵਿਸ਼ਵਾਸ ਉੱਠ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਰਾਜ ਦੀ ਤਰੱਕੀ ਲਈ ਵਚਨਬੱਧ ਹੈ | ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਲਗਭਗ ਪੂਰੇ ਕਰ ਦਿੱਤੇ ਹਨ ਤੇ ਜਲਦ ਹੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਸੂਬੇ ਵਿਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਗਏ ਹਨ | ਪੰਜਾਬ 'ਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ | ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਕਾਰਜਾਂ ਅਤੇ ਰੈਲੀ ਦੇ ਇਕੱਠ ਤੋਂ ਖ਼ੁਸ਼ ਹੋਏ ਮੁੱਖ ਮੰਤਰੀ ਨੇ ਵਿਧਾਇਕ ਵਲੋਂ ਉਠਾਈਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਐਲਾਨ ਵੀ ਕੀਤਾ | ਮੁੱਖ ਮੰਤਰੀ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ 'ਚ 17.31 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਪੁਲ ਬਣਾਏ ਜਾ ਰਹੇ ਹਨ, ਜਿਸ ਨਾਲ ਘੱਗਰ ਨਦੀ ਦੇ ਨਾਲ ਲਗਦੇ ਸਰਦੂਲਗੜ੍ਹ ਹਲਕੇ ਦੇ ਲਗਭਗ 27 ਪਿੰਡਾਂ ਦੇ ਵਸਨੀਕਾਂ ਨੂੰ ਨਦੀ ਪਾਰ ਕਰਨ ਲਈ ਲੰਮਾ ਰਸਤਾ ਤੈਅ ਕਰਨ ਤੋਂ ਰਾਹਤ ਮਿਲੇਗੀ | ਇਸੇ ਤਰ੍ਹਾਂ ਪਿੰਡ ਬਰਨ ਵਿਖੇ 5.28 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਟੀਲ ਪੁਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਵਾਧੂ ਸਫ਼ਰ 5 ਤੋਂ 9 ਕਿਲੋਮੀਟਰ ਤੱਕ ਘਟ ਜਾਵੇਗਾ | ਸਰਦੂਲਗੜ੍ਹ ਸ਼ਹਿਰ ਵਿਚ 39 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲਿ੍ਹਆ ਜਾ ਰਿਹਾ ਹੈ | ਇਸੇ ਤਰ੍ਹਾਂ ਹਲਕੇ ਦੇ ਪਿੰਡ ਭਗਵਾਨਪੁਰ ਹੀਂਗਣਾ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਐਂਡ ਵੈਲਨੇਸ ਕਲੀਨਿਕ ਬਣਾਇਆ ਜਾਵੇਗਾ | ਸਰਦੂਲਗੜ੍ਹ ਸਬ-ਡਵੀਜ਼ਨਲ ਹਸਪਤਾਲ ਦੇ ਨਾਲ 49 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਪਬਲਿਕ ਹੈਲਥ ਯੂਨਿਟ ਬਣਾਇਆ ਜਾਵੇਗਾ | ਪਿੰਡ ਦਾਨੇਵਾਲਾ ਵਿਖੇ 2.33 ਕਰੋੜ ਰੁਪਏ ਖ਼ਰਚ ਕੇ 66 ਕੇ.ਵੀ. ਗਰਿੱਡ ਦੀ ਸਮਰਥਾ 12.5 ਐਮ.ਵੀ.ਏ. ਵਧਾ ਕੇ 20 ਐਮ.ਵੀ.ਏ. ਕਰਨ ਦਾ ਐਲਾਨ ਵੀ ਕੀਤਾ | ਮੁੱਖ ਮੰਤਰੀ ਨੇ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਨੂੰ 100 ਬਿਸਤਰਿਆਂ ਵਾਲੇ ਹਸਪਤਾਲ ਵਿਚ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ |
ਆਮ ਆਦਮੀ ਪਾਰਟੀ ਦੀ ਪਹਿਲ ਵਿਕਾਸ-ਮਨੀਸ਼ ਸਿਸੋਦੀਆ
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਭਾਸ਼ਨ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲ ਵਿਕਾਸ ਹੈ | ਉਨ੍ਹਾਂ ਦੱਸਿਆ ਕਿ ਸਿੱਖਿਆ ਤੇ ਮੈਡੀਕਲ ਖੇਤਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ |
ਨਾਕਾਰਾਤਮਕ ਏਜੰਡੇ ਨੂੰ ਲੋਕ ਮੂੰਹ ਨਹੀਂ ਲਾਉਣਗੇ-ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਨੂੰ 2022 ਦਾ ਫ਼ਤਵਾ ਲੋਕਾਂ ਨੇ ਸਿਹਤ ਤੇ ਸਿੱਖਿਆ ਦੇ ਏਜੰਡੇ ਦੇ ਹੱਕ 'ਚ ਦਿੱਤਾ ਸੀ ਤੇ ਸਰਕਾਰ ਇਨ੍ਹਾਂ ਏਜੰਡਿਆਂ 'ਤੇ ਖਰੀ ਉੱਤਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਆਈ. ਟੀ. ਆਈ. ਆਮ ਆਦਮੀ ਦੇ ਬੱਚਿਆਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹੇਗੀ | ਉਨ੍ਹਾਂ ਕਿਹਾ ਕਿ 'ਆਪ' ਸਕਾਰਾਤਮਿਕ ਰਾਜਨੀਤੀ ਕਰਦੀ ਹੈ, ਜਦਕਿ ਲੋਕਾਂ ਨੇ ਨਕਾਰਾਤਮਿਕਤਾ ਏਜੰਡਿਆਂ ਵਾਲਿਆਂ ਨੂੰ ਪਹਿਲਾਂ ਹੀ ਪਾਸੇ ਕਰ ਦਿੱਤਾ ਹੈ | ਹਲਕਾ ਵਿਧਾਇਕ ਤੇ ਰੈਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਿਥੇ ਲੋਕਾਂ ਦਾ ਧੰਨਵਾਦ ਕੀਤਾ, ਉਥੇ ਮੁੱਖ ਮੰਤਰੀ ਤੇ ਹੋਰ ਆਗੂਆਂ ਦੇ ਪਹੁੰਚਣ 'ਤੇ ਨਿੱਘਾ ਸਵਾਗਤ ਵੀ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੁੱਖ ਮੰਤਰੀ ਦੇ ਸਲਾਹਕਾਰ ਅਤੇ 'ਆਪ' ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ, ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ, 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਮਾਲਵਾ ਦੇ ਇੰਚਾਰਜ ਚੁਸਪਿੰਦਰਵੀਰ ਸਿੰਘ ਚਹਿਲ, ਕਿਸਾਨ ਵਿੰਗ ਦੇ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਸਰਕਾਰੀ ਬੈਂਕ ਦੇ ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵੰਤ ਸਿੰਘ ਸੰਘਾ, ਨਗਰ ਪੰਚਾਇਤ ਸਰਦੂਲਗੜ੍ਹ ਦੀ ਪ੍ਰਧਾਨ ਵੀਨਾ ਰਾਣੀ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ 'ਚ ਪਾਕਿ ਵਲੋਂ ਗੋਲਾਬਾਰੀ 'ਚ ਮਾਰੇ ਗਏ ਸਨ 13 ਬੱਚੇ ਅਗਲੀ ਖ਼ਬਰ ਪਾਕਿ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਤੇਜ਼-10 ਹਲਾਕ
Ad Position 24