ਹਾਦਸੇ ਨੇ ਹਵਾਈ ਸਫ਼ਰ ਦੀ ਸੁਰੱਖਿਆ ਨੂੰ ਲੈ ਕੇ ਮੁੜ ਵਧਾਈਆਂ ਚਿੰਤਾਵਾਂ
ਰਾਂਚੀ/ਅੰਮਿ੍ਤਸਰ, 24 ਫਰਵਰੀ (ਇੰਟ., ਜਸਵੰਤ ਸਿੰਘ ਜੱਸ)-ਝਾਰਖੰਡ ਨੇੜੇ ਏਅਰ ਐਂਬੂਲੈਂਸ ਹਾਦਸੇ 'ਚ ਜਾਨ ਗੁਆਉਣ ਵਾਲੇ ਅੰਮਿ੍ਤਸਰ ਦੇ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦੇ ਚੌੜਾ ਬਾਜ਼ਾਰ ਵਾਸੀ ਕੈਪਟਨ ਸਵਰਾਜਦੀਪ ਸਿੰਘ ਸਮੇਤ ਜਹਾਜ਼ ਅਮਲੇ ਦੇ ਸੱਤ ਮੈਂਬਰਾਂ ਦੀ ਮੌਤ ਹੋਣ ਕਾਰਨ ਹਵਾਬਾਜ਼ੀ ਸੁਰੱਖਿਆ (ਏਵੀਏਸ਼ਨ ਸੇਫਟੀ) ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਸਵਰਾਜਦੀਪ ਨੇ ਉਡਾਣ ਭਰਨ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਮਾਤਾ ਜੀ ਨਾਲ ਫ਼ੋਨ 'ਤੇ ਗੱਲ ਕੀਤੀ ਸੀ | ਉਸ ਨੇ ਬਹੁਤ ਖੁਸ਼ੀ ਨਾਲ ਦੱਸਿਆ ਸੀ ਕਿ ਉਹ ਰਾਂਚੀ ਤੋਂ ਦਿੱਲੀ ਲਈ ਰਵਾਨਾ ਹੋ ਰਹੇ ਹਨ | ਉਸ ਦੇ ਆਖ਼ਰੀ ਸ਼ਬਦ ਸਨ, 'ਲੈਂਡਿੰਗ ਤੋਂ ਬਾਅਦ ਮੈਂ ਮੁੜ ਫ਼ੋਨ ਕਰਾਂਗਾ', ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਗੱਲਬਾਤ ਹੋਵੇਗੀ | ਫ਼ੋਨ ਕੱਟਣ ਤੋਂ ਕੁਝ ਹੀ ਦੇਰ ਬਾਅਦ ਇਹ ਹਾਦਸਾ ਵਾਪਰ ਗਿਆ, ਜਿਸ ਨੇ ਹਮੇਸ਼ਾ ਲਈ ਸਵਰਾਜਦੀਪ ਦੀ ਆਵਾਜ਼ ਨੂੰ ਖ਼ਾਮੋਸ਼ ਕਰ ਦਿੱਤਾ | ਸਵਰਾਜਦੀਪ ਦੀ ਮੌਤ ਤੋਂ ਬਾਅਦ ਹੁਣ ਹਵਾਬਾਜ਼ੀ ਵਿਭਾਗ ਦੇ ਉੱਚ-ਅਧਿਕਾਰੀ ਤੇ ਜਾਂਚ ਟੀਮਾਂ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ 'ਚ ਜੁਟ ਗਈਆਂ ਹਨ | ਹਾਦਸੇ ਨੇ ਇਕ ਵਾਰ ਫਿਰ ਦੇਸ਼ 'ਚ ਹਵਾਈ ਸਫ਼ਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ | ਸਵਰਾਜਦੀਪ ਵਰਗੇ ਕਈ ਜਣਿਆਂ ਦੀਆਂ ਜਾਨਾਂ ਜਾਣ ਕਾਰਨ ਹੁਣ ਸਰਕਾਰ 'ਤੇ ਸਖ਼ਤ ਨਿਯਮ ਬਣਾਉਣ ਤੇ ਪੁਰਾਣੇ ਜਹਾਜ਼ਾਂ ਦੀ ਵਰਤੋਂ ਨੂੰ ਲੈ ਕੇ ਦਬਾਅ ਵਧ ਰਿਹਾ ਹੈ | ਮਿ੍ਤਕ ਪਾਇਲਟ ਆਪਣੇ ਪਿੱਛੇ ਪਤਨੀ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਕ 4 ਮਹੀਨੇ ਦਾ ਬੱਚਾ ਛੱਡ ਗਿਆ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਵਰਾਜਦੀਪ ਅਜੇ ਤਿੰਨ ਕੁ ਦਿਨ ਪਹਿਲਾਂ ਹੀ ਘਰੋਂ ਡਿਊਟੀ ਲਈ ਗਿਆ ਸੀ | ਉਸ ਦੀ ਮੌਤ 'ਤੇ ਉਸ ਦੇ ਦਾਦਾ-ਦਾਦੀ, ਮਾਤਾ ਪਿਤਾ ਤੇ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰ ਸਦਮੇ 'ਚ ਹਨ | ਪਰਿਵਾਰ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਸਵਰਾਜਦੀਪ ਸਿੰਘ ਦੀ ਮਿ੍ਤਕ ਦੇਹ ਕੱਲ੍ਹ 25 ਫਰਵਰੀ ਨੂੰ ਸਵੇਰੇ ਅੰਮਿ੍ਤਸਰ ਪੁੱਜਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਉਸ ਦਾ ਅੰਮਿ੍ਤਸਰ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ | ਇਸੇ ਦੌਰਾਨ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਬੀਬਾ ਜੀਵਨਜੋਤ ਕੌਰ ਤੇ ਅਕਾਲੀ ਆਗੂ ਇੰਦਰਜੀਤ ਸਿੰਘ ਪੰਡੋਰੀ ਸਮੇਤ ਹੋਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ |
ਅੰਮਿ੍ਤਸਰ ਦਾ ਰਹਿਣ ਵਾਲਾ ਸੀ ਝਾਰਖੰਡ ਜਹਾਜ਼ ਹਾਦਸੇ 'ਚ ਜਾਨ ਗੁਆਉਣ ਵਾਲਾ ਕੈਪਟਨ ਸਵਰਾਜਦੀਪ
ਅਜੀਤ ਡੈਸਕ
25-02-2026