ਸ੍ਰੀ ਵਿਜੈ ਪੁਰਮ, 24 ਫਰਵਰੀ (ਏਜੰਸੀ)-ਉੱਤਰੀ ਤੇ ਮੱਧ ਅੰਡੇਮਾਨ ਜ਼ਿਲ੍ਹੇ ਦੇ ਮਾਇਆਬੰਦਰ ਤੋਂ ਮੰਗਲਵਾਰ ਸਵੇਰੇ ਉਡਾਣ ਭਰਨ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਸਮੇਤ 7 ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇਕ ਹੈਲੀਕਾਪਟਰ ਸਮੁੰਦਰ 'ਚ ਹਾਦਸਾਗ੍ਰਸਤ ਹੋ ਗਿਆ | ਹਾਲਾਂਕਿ ਹੈਲੀਕਾਪਟਰ 'ਚ ਸਵਾਰ ਸਾਰਿਆਂ ਨੂੰ ਬਚਾਅ ਲਿਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9.30 ਵਜੇ ਦੇ ਕਰੀਬ ਵਾਪਰਿਆ | ਇਕ ਅਧਿਕਾਰੀ ਨੇ ਦੱਸਿਆ ਕਿ ਵਿਚਕਾਰਲੇ ਸਮੁੰਦਰ 'ਚੋਂ ਬਚਾਏ ਗਏ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਸ਼ਹਿਰੀ ਹਵਾਬਾਜ਼ੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਨੇ ਸਵੇਰੇ 8.45 ਵਜੇ ਦੇ ਕਰੀਬ ਸ੍ਰੀ ਵਿਜੈ ਪੁਰਮ ਤੋਂ ਉਡਾਣ ਭਰੀ ਸੀ ਤੇ ਸਵੇਰੇ 9.30 ਵਜੇ ਦੇ ਕਰੀਬ ਸਮੁੰਦਰ 'ਚ ਹਾਦਸਾਗ੍ਰਸਤ ਹੋ ਗਿਆ | ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਤਕਨੀਕੀ ਖ਼ਰਾਬੀ ਸੀ ਤੇ ਪਾਇਲਟ ਨੇ ਸਮੁੰਦਰ 'ਚ ਕਰੈਸ਼-ਲੈਂਡਿੰਗ ਕੀਤੀ |