ਚੰਡੀਗੜ੍ਹ, 9 ਮਾਰਚ (ਹਰਕਵਲਜੀਤ ਸਿੰਘ)ਪੰਜਾਬ ਵਿਧਾਨ ਸਭਾ ਵਲੋਂ ਇਜਲਾਸ ਦੀ ਪਲੇਠੀ ਬੈਠਕ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਪੜ੍ਹੇ ਗਏ ਭਾਸ਼ਨ ਲਈ ਕਾਂਗਰਸ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਸਦਨ ਵਲੋਂ ਅੱਜ ਧੰਨਵਾਦ ਮਤਾ ਪਾਸ ਕਰ ਦਿੱਤਾ ਗਿਆ | ਇਹ ਮਤਾ ਜੋ 'ਆਪ' ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਪੇਸ਼ ਕੀਤਾ ਗਿਆ ਸੀ, 'ਤੇ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਆਪਣੀਆਂ ਸਾਰੀਆਂ ਚੋਣ ਗਰੰਟੀਆਂ ਚਾਰ ਸਾਲਾਂ ਵਿਚ ਹੀ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਵਿਰੋਧੀ ਧਿਰ ਕੋਲ ਕਹਿਣ ਲਈ ਕੋਈ ਮੁੱਦਾ ਹੀ ਨਹੀਂ ਰਹਿ ਗਿਆ | ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਵਲੋਂ ਕੀਤੀਆਂ ਗਈਆਂ 63,943 ਭਰਤੀਆਂ ਸੰਬੰਧੀ ਕਿਸੇ ਤਰ੍ਹਾਂ ਦੀ ਇਕ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਦਾ ਬਿੱਲ ਮੁਆਫ਼ ਹੋਣ ਤੋਂ ਇਲਾਵਾ ਹੁਣ ਬਿਜਲੀ ਦਾ ਲਾਗਤ ਮੁੱਲ ਘਟਾ ਕੇ ਸਾਰੇ ਵਰਗਾਂ ਲਈ ਬਿਜਲੀ ਸਸਤੀ ਵੀ ਕੀਤੀ ਗਈ ਹੈ | ਉਨ੍ਹ ਾਂ ਨੇ ਕਿਹਾ ਕਿ ਸਰਕਾਰ ਵਲੋਂ ਮਗਰਲੇ 4 ਸਾਲਾਂ ਦੇ ਯਤਨਾਂ ਸਦਕਾ ਰਾਜ ਵਿਚ ਵਿਕਾਸ ਅਤੇ ਸਿੱਖਿਆ ਦੁਬਾਰਾ ਪਟੜੀ 'ਤੇ ਆ ਗਏ ਹਨ | ਉਨ੍ਹਾਂ ਕਿਹਾ ਕਿ ਅਸੀਂ 118 ਸਕੂਲ ਐਮੀਨੈਂਸ ਸਥਾਪਿਤ ਕਰਨ ਤੋਂ ਇਲਾਵਾ 13,863 ਟੀਚਰਾਂ ਦੀ ਵੀ ਭਰਤੀ ਕੀਤੀ ਹੈ | ਪੰਜਾਬ ਦੀ ਚਾਰ ਕੁੜੀਆਂ ਦੇ ਆਈ.ਏ.ਐਸ. ਤੇ ਆਈ.ਪੀ.ਐਸ. ਲਈ ਚੁਣੇ ਜਾਣ 'ਤੇ ਖੁਸ਼ੀ ਪ੍ਰਗਟਾਉਂਦਿਆਂ ਇਸ ਨੂੰ ਸਿੱਖਿਆ ਕ੍ਰਾਂਤੀ ਦੀ ਸਫਲਤਾ ਦੱਸਿਆ | ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਜੇਕਰ ਪੰਜ ਵਾਰ ਮੁੱਖ ਮੰਤਰੀ ਬਣ ਕੇ ਕੁਝ ਨਹੀਂ ਕਰ ਸਕੇ ਤਾਂ ਉਹ ਪੰਜਾਬ ਲਈ ਕੀ ਕਰ ਦੇਣਗੇ | ਉਨ੍ਹਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਿਹਾ ਕਿ ਤੁਸੀਂ ਚੰਗਾ ਕੀਤਾ ਕਿ ਇਨ੍ਹਾਂ ਦੇ ਟਰੱਕ ਤੋਂ ਉਡ ਗਏ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਤੀਰਥ ਯਾਤਰਾ ਪੋ੍ਰਗਰਾਮ ਅਧੀਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਨੰਦੇੜ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਵੇਗੀ | ਰਾਜਪਾਲ ਦੇ ਭਾਸ਼ਨ ਸੰਬੰਧੀ ਬਹਿਸ ਵਿਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੀ ਸਰਕਾਰ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗਰੰਟੀ ਪੂਰੀ ਕੀਤੀ ਗਈ? ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਕੇਸ ਵੀ ਪੰਜਾਬ ਤੋਂ ਬਾਹਰ ਤਬਦੀਲ ਹੋ ਗਏ ਹਨ ਅਤੇ ਸਰਕਾਰ ਨੇ ਇਸ ਦਾ ਨਾ ਵਿਰੋਧ ਕੀਤਾ ਤੇ ਨਾ ਹੀ ਚੁਣੌਤੀ ਦੇ ਸਕੀ | ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਡੇਢ ਸਾਲ ਤੋਂ ਮੋਰਚਾ ਵੀ ਚੱਲ ਰਿਹਾ ਹੈ ਪਰ ਸਰਕਾਰ ਸਦਨ ਦੀ ਕਮੇਟੀ ਦੀ ਰਿਪੋਰਟ ਲੈਣ ਬਾਅਦ ਵੀ ਖਾਮੋਸ਼ ਹੋ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਵਲੋਂ ਰੇਤ ਬੱਜਰੀ ਤੋਂ 20 ਹਜ਼ਾਰ ਕਰੋੜ ਦੀ ਆਮਦਨ ਦਾ ਵਾਅਦਾ ਕੀਤਾ ਗਿਆ ਸੀ, ਉਹ ਆਮਦਨ ਕਿੱਥੇ ਹੈ | ਉਨ੍ਹਾਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਸਵਾਗਤ ਕੀਤਾ ਪਰ ਕਿਹਾ ਕਿ 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਚਾਲੂ ਕਰਨ ਦਾ ਮਤਲਬ ਔਰਤਾਂ ਨੂੰ ਇਹ ਰਾਸ਼ੀ 3 ਮਹੀਨੇ ਬਾਅਦ ਹੀ ਮਿਲਣੀ ਸ਼ੁਰੂ ਹੋਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲੀ ਗਰੰਟੀ ਤਾਂ ਜਾਨ ਮਾਲ ਦੀ ਰੱਖਿਆ ਹੁੰਦੀ ਹੈ ਪਰ ਪੰਜਾਬ ਵਿਚ ਅਪਰਾਧਿਕ ਘਟਨਾਵਾਂ ਹੋ ਰਹੀਆਂ ਹਨ ਅਤੇ ਵਪਾਰੀਆਂ ਨੂੰ ਫਿਰੌਤੀਆਂ ਲਈ ਧਮਕੀਆਂ ਆ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਮਗਰਲੇ 3 ਬਜਟਾਂ ਦੌਰਾਨ ਸਰਕਾਰ ਨੇ 16 ਨਵੇਂ ਮੈਡੀਕਲ ਕਾਲਜ ਬਣਾਉਣ ਦੇ ਐਲਾਨ ਕੀਤੇ ਹਨ, ਪਰ ਅਜੇ ਤੱਕ ਇਕ ਕਾਲਜ ਦੀ ਵੀ ਸ਼ੁਰੂਆਤ ਨਹੀਂ ਹੋਈ | ਸਪੀਕਰ ਵਲੋਂ ਜਦੋਂ ਬਾਜਵਾ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਮਾਇਕ ਬੰਦ ਕਰ ਦਿੱਤਾ ਤਾਂ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਮੈਂਬਰ ਨਾਅਰੇ ਲਗਾਉਂਦੇ ਹੋਏ ਸਪੀਕਰ ਦੀ ਕੁਰਸੀ ਸਾਹਮਣੇ ਚਲੇ ਗਏ ਅਤੇ 2-3 ਮਿੰਟਾਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ | ਬਹਿਸ ਵਿਚ ਹਿੱਸਾ ਲੈਂਦਿਆਂ 'ਆਪ' ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ 76000 ਬੇਘਰਿਆਂ ਨੂੰ ਘਰ ਦਿੱਤੇ ਗਏ, ਜੋ ਰਿਕਾਰਡ ਹੈ | ਉਨ੍ਹਾਂ ਕਿਹਾ ਕਿ ਸਾਢੇ ਸੱਤ ਲੱਖ ਲੋਕ ਤੀਰਥ ਯਾਤਰਾ ਯੋਜਨਾ ਦਾ ਲਾਭ ਲੈ ਚੁੱਕੇ ਹਨ | ਦੂਜੀਆਂ ਸਰਕਾਰਾਂ ਜਾਇਦਾਦਾਂ ਵੇਚਦੀਆਂ ਰਹੀਆਂ ਪਰ ਸਾਡੀ ਸਰਕਾਰ ਨੇ ਨਿੱਜੀ ਕੰਪਨੀ ਜੀ.ਬੀ.ਕੇ. ਤੋਂ ਥਰਮਲ ਪਲਾਂਟ ਖਰੀਦਿਆ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀਆਂ ਦੀ ਘਟਨਾਵਾਂ ਅਕਾਲੀ ਸਰਕਾਰ ਦੌਰਾਨ ਹੋਈਆਂ ਅਤੇ ਉਨ੍ਹਾਂ ਦੇ ਰਾਜ ਵਿਚ ਗੋਲੀਆਂ ਚੱਲੀਆਂ ਤੇ ਨੌਜਵਾਨ ਮਾਰੇ ਗਏ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦਾ ਲੱਕ ਤੋੜਨ ਦੀਆਂ ਸਹੁੰਆਂ ਚੁੱਕੀਆਂ ਪਰ ਕੀਤਾ ਕੁੱਝ ਨਹੀਂ | ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਥਕ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਬੇਅਦਬੀਆਂ ਦੇ ਮੁੱਦੇ 'ਤੇ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ | ਉਨ੍ਹਾਂ ਬਜਟ ਇਜਲਾਸ 'ਚ ਹੀ ਇਸ ਸੰਬੰਧੀ ਬਿੱਲ ਲਿਆਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਮੈਂ ਬੰਦੀ ਸਿੱਖਾਂ ਦੀ ਰਿਹਾਈ ਲਈ ਪ੍ਰਾਈਵੇਟ ਮਤਾ ਪੇਸ਼ ਕੀਤਾ ਸੀ ਪਰ ਰੱਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਰਾਜਸੀ ਕੈਦੀ ਹਨ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦੇ ਮਾਤਾ ਜੀ ਕਾਫ਼ੀ ਬਿਮਾਰ ਹਨ ਅਤੇ ਭਾਈ ਸਾਹਿਬ ਨੂੰ ਮਾਤਾ ਨਾਲ ਮੁਲਾਕਾਤ ਦਿਵਾਉਣ ਲਈ ਉਨ੍ਹਾਂ ਰਾਜ ਸਰਕਾਰ ਨੂੰ ਕਿਹਾ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਵਿਰੁੱਧ ਕੇਸ ਦੀ ਜਾਂਚ ਕਰਨ ਦੀ ਥਾਂ ਉਨ੍ਹਾਂ ਨੂੰ 3 ਸਾਲ ਐਨ.ਐਸ.ਏ. ਵਿਚ ਨਜ਼ਰਬੰਦ ਰੱਖਣਾ ਬੇਇਨਸਾਫ਼ੀ ਤੇ ਵੱਡਾ ਧੱਕਾ ਹੈ |
ਬਜਟ ਦੀਆਂ ਤਜਵੀਜ਼ਾਂ 'ਤੇ ਬਹਿਸ
ਵਿਧਾਨ ਸਭਾ 'ਚ ਆਉਂਦੇ ਵਿੱਤੀ ਸਾਲ ਲਈ ਪੇਸ਼ ਬਜਟ ਤਜਵੀਜ਼ਾਂ 'ਤੇ ਅੱਜ ਬਾਅਦ ਦੁਪਹਿਰ ਦੀ ਬੈਠਕ 'ਚ ਬਹਿਸ ਸ਼ੁਰੂ ਹੋ ਗਈ | ਬਜਟ ਤਜਵੀਜ਼ਾਂ 'ਤੇ ਬੋਲਦਿਆਂ ਕਾਂਗਰਸ ਦੇ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਦੁਬਾਰਾ ਪੁਲਿਸ ਸਟੇਟ ਨਾ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਨੌਜਵਾਨ ਰਣਜੀਤ ਸਿੰਘ ਨੂੰ ਕਥਿਤ ਪੁਲਿਸ ਮੁਕਾਬਲੇ ਵਿਚ ਮਾਰਨਾ ਲੋਕਾਂ ਦਾ ਅਮਨ-ਕਾਨੂੰਨ ਦੇ ਤੰਤਰ ਵਿਚ ਵਿਸ਼ਵਾਸ ਖ਼ਤਮ ਕਰ ਰਿਹਾ ਹੈ | ਉਨ੍ਹਾਂ ਇਸ ਘਟਨਾ ਦੀ ਇਕ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਸਪੱਸ਼ਟ ਕਰੇ ਕਿ ਕੀ ਉਸ ਵਲੋਂ ਬੇਅਦਬੀਆਂ ਦੇ ਕੇਸ ਵਿਚ ਡੇਰਾ ਮੁਖੀ ਵਿਰੁੱਧ ਕੇਸ ਚਲਾਉਣ ਦੀ ਇਜਾਜ਼ਤ ਅਜੇ ਦਿੱਤੀ ਹੈ ਜਾਂ ਨਹੀਂ | ਕਾਂਗਰਸ ਦੇ ਹੀ ਬਰਿੰਦਰਮੀਤ ਸਿੰਘ ਪਾਹੜਾ ਨੇ ਗੁਰਦਾਸਪੁਰ ਹਸਪਤਾਲ ਵਿਚ ਅਕਾਸੀਜਨ ਪਲਾਂਟ ਦੇ ਕਈ ਸਾਲਾਂ ਤੋਂ ਕੰਮ ਨਾ ਕਰਨ ਅਤੇ ਅਮਨ-ਕਾਨੂੰਨ ਵਿਗੜਨ ਦਾ ਮੁੱਦਾ ਉਠਾਇਆ | ਬਜਟ ਤਜਵੀਜ਼ਾਂ 'ਤੇ ਡਾ. ਸੁਖਵਿੰਦਰ ਸਿੰਘ ਸੁਖੀ, ਕੁਲਦੀਪ ਸਿੰਘ ਕਾਲਾ ਢਿੱਲੋਂ, ਗੁਰਪ੍ਰੀਤ ਸਿੰਘ ਬਣਾਂਵਾਲੀ, ਸਰਬਜੀਤ ਕੌਰ ਮਾਣੂੰਕੇ, ਡਾ. ਅਮਨਦੀਪ ਕੌਰ, ਲਾਭ ਸਿੰਘ ਉਦੋਕੇ, ਡਾ. ਇਸ਼ਾਂਤ ਕੁਮਾਰ, ਕੁਲਜੀਤ ਸਿੰਘ ਰੰਧਾਵਾ, ਡਾ. ਜਸਬੀਰ ਸਿੰਘ , ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ |
'ਆਪ' ਸਰਕਾਰ ਦੌਰਾਨ ਪੰਜਾਬ ਵਿਕਾਸ ਤੇ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ-ਮੁੱਖ ਮੰਤਰੀ <br/>
ਅਜੀਤ ਡੈਸਕ
10-03-2026