ਟੁੱਟ ਰਹੀ ਹੈ ਈਰਾਨੀ ਸ਼ਾਸਨ ਦੀ ਰੀੜ੍ਹ-ਨੇਤਨਯਾਹੂ
ਦੁਬਈ/ਯਰੂਸ਼ਲਮ, 10 ਮਾਰਚ (ਏਜੰਸੀ)-ਇਜ਼ਰਾਈਲ ਤੇ ਅਮਰੀਕਾ ਵਲੋਂ ਸ਼ੁਰੂ ਕੀਤੀ ਜੰਗ 'ਚ ਈਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਅਤੇ ਖਾੜੀ ਦੇ ਅਰਬ ਦੇਸ਼ਾਂ 'ਤੇ ਨਵੇਂ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ | ਦੂਜੇ ਪਾਸੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਉਹ ਈਰਾਨ ਦੇ ਲੋਕਾਂ ਨੂੰ ਤਾਨਾਸ਼ਾਹੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਨ | ਨੇਤਨਯਾਹੂ ਨੇ ਨਾਲ ਹੀ ਕਿਹਾ ਕਿ ਆਿਖ਼ਰ 'ਚ ਇਹ ਉਨ੍ਹਾਂ 'ਤੇ ਨਿਰਭਰ ਕਰ ਦਾ ਹੈ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਤੱਕ ਉਠਾਏ ਗਏ ਕਦਮਾਂ ਨਾਲ ਅਸੀ ਈਰਾਨੀ ਸ਼ਾਸਨ ਦੀ ਰੀੜ ਤੋੜ ਰਹੇ ਹਾਂ, ਜੋ ਅਜੇ ਵੀ ਸਰਗਰਮ ਹੈ | ਈਰਾਨ ਦੇ ਨਵੇਂ ਹਮਲਿਆਂ ਦੇ ਚਲਦਿਆਂ ਭਵਿੱਖ ਦੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਵਪਾਰਕ ਕੇਂਦਰ ਦੁਬਈ 'ਚ ਸਾਇਰਨ ਵਜਦੇ ਸੁਣਾਈ ਦਿੱਤੇ, ਜਦੋਂਕਿ ਬਹਿਰੀਨ ਦੀ ਰਾਜਧਾਨੀ ਮਨਾਮਾ 'ਚ ਈਰਾਨੀ ਮਿਜ਼ਾਈਲ ਇਕ ਰਿਹਾਇਸ਼ੀ ਇਮਾਰਤ 'ਤੇ ਡਿੱਗਣ ਕਾਰਨ 29 ਸਾਲ ਦੀ ਔਰਤ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ | ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਆਪਣੇ ਤੇਲ ਭਰੂਪਰ ਪੂਰਬੀ ਖੇਤਰ 'ਚ ਦੋ ਡਰੋਨ ਨਸ਼ਟ ਕੀਤੇ ਹਨ, ਜਦੋਂਕਿ ਕੁਵੈਤ ਦੇ ਨੈਸ਼ਨਲ ਗਾਰਡ ਨੇ 6 ਡਰੋਨ ਸੁੱਟੇ ਹਨ | ਇਜ਼ਰਾਈਲ ਦੀ ਰਾਜਧਾਨੀ 'ਚ ਵੀ ਸਾਇਰਨ ਵੱਜਦੇ ਸੁਣੇ ਗਏ, ਜਦੋਂਕਿ ਤਲ ਅਵੀਵ 'ਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ | ਜ਼ਿਕਰਯੋਗ ਹੈ ਕਿ ਈਰਾਨ ਨੇ ਮੱਧ ਪੂਰਬ 'ਤੇ ਆਪਣਾ ਦਬਾਅ ਲਗਾਤਾਰ ਬਰਕਰਾਰ ਰੱਖਿਆ ਹੋਇਆ ਹੈ, ਜਿਸ ਦੇ ਚਲਦਿਆਂ ਤੇਲ ਦੀਆਂ ਕੀਮਤਾਂ 'ਚ ਵਾਧੇ ਨੇ ਵਿਸ਼ਵ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ | ਦੂਜੇ ਪਾਸੇ, ਇਜ਼ਰਾਈਲ-ਅਮਰੀਕਾ ਵਲੋਂ ਇਰਾਕ 'ਚ ਈਰਾਨ ਸਮਰਥਿਤ ਮਿਲੀਸ਼ੀਆ 'ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸਿਜ਼' ਦੀ 40ਵੀਂ ਬਿ੍ਗੇਡ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲੇ 'ਚ ਘੱਟੋ-ਘੱਟ 5 ਲੜਾਕੇ ਮਾਰੇ ਗਏ, ਜਦੋਂਕਿ 4 ਜ਼ਖ਼ਮੀ ਹੋ ਗਏ | ਇਜ਼ਰਾਈਲੀ ਫ਼ੌਜ ਨੇ ਦੱਖਣੀ ਲਿਬਨਾਨ ਦੇ ਸਾਰੇ ਨਿਵਾਸੀਆਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ | ਯੁੱਧ ਸ਼ੁਰੂ ਹੋਣ ਤੋਂ ਬਾਅਦ ਈਰਾਨ 'ਚ ਘੱਟੋ-ਘੱਟ 1,230 ਲੋਕ ਮਾਰੇ ਗਏ ਹਨ, ਲਿਬਨਾਨ 'ਚ ਇਹ ਅੰਕੜਾ 397 ਅਤੇ ਇਜ਼ਰਾਈਲ 'ਚ 11 ਹੈ, ਜਦੋਂਕਿ ਕੁੱਲ 7 ਅਮਰੀਕੀ ਫ਼ੌਜੀ ਵੀ ਮਾਰੇ ਗਏ ਹਨ |
ਈਰਾਨ ਵਲੋਂ ਅਮਰੀਕਾ 'ਤੇ ਦਬਾਅ ਵਧਾਉਣ ਲਈ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਹਮਲੇ ਤੇਜ਼
ਅਜੀਤ ਡੈਸਕ
11-03-2026