16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵਿਧਾਨ ਸਭਾ ਵਲੋਂ ਭਾਰਤ-ਅਮਰੀਕਾ ਸਮਝੌਤੇ 'ਚੋਂ ਖੇਤੀ ਸੈਕਟਰ ਬਾਹਰ ਰੱਖਣ ਲਈ ਮਤਾ ਪਾਸ

Ad Position 21
No active advertisement
ਅਜੀਤ ਡੈਸਕ 11-03-2026

ਕੀ ਸਾਡਾ ਦੇਸ਼ ਵਾਈਟ ਹਾਊਸ ਤੋਂ ਚੱਲ ਰਿਹਾ ਹੈ-ਮੁੱਖ ਮੰਤਰੀ
ਹਰਕਵਲਜੀਤ ਸਿੰਘ

ਚੰਡੀਗੜ੍ਹ, 10 ਮਾਰਚ–ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਹੋਈ ਤਿੱਖੀ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮਝੌਤੇ ਕਾਰਨ ਖੇਤੀ ਸੈਕਟਰ 'ਤੇ ਪੈਣ ਵਾਲੇ ਤਬਾਹਕੁਨ ਅਸਰਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਮਝੌਤੇ 'ਚੋਂ ਖੇਤੀ ਸੈਕਟਰ ਨੂੰ ਬਾਹਰ ਰੱਖੇ ਜਾਣ ਦੀ ਮੰਗ ਉਠਾਈ | ਉਨ੍ਹਾਂ ਕਿਹਾ ਕਿ ਕੀ ਸਾਡਾ ਦੇਸ਼ ਵਾਈਟ ਹਾਊਸ ਤੋਂ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ ਸੰਬੰਧੀ ਐਲਾਨ ਤੇ ਵਿਆਖਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹੋ ਰਹੀ ਹੈ ਪਰ ਸਾਡੇ ਪ੍ਰਧਾਨ ਮੰਤਰੀ ਖਾਮੋਸ਼ ਹਨ | ਇਸੇ ਤਰ੍ਹਾਂ ਭਾਰਤ ਨੂੰ ਰੂਸ ਤੋਂ ਤੇਲ ਲੈਣ ਦੀ ਇਜਾਜ਼ਤ ਵੀ ਟਰੰਪ ਨੇ ਦਿੱਤੀ ਹੈ, ਜਦੋਂਕਿ ਆਪ੍ਰੇਸ਼ਨ 'ਸੰਧੂਰ' ਮੌਕੇ ਵੀ ਜੰਗਬੰਦੀ ਦਾ ਐਲਾਨ ਟਰੰਪ ਦੇ ਟਵੀਟ ਨਾਲ ਹੀ ਸਾਹਮਣੇ ਆਇਆ ਸੀ | ਮੁੱਖ ਮੰਤਰੀ ਕਿਹਾ ਕਿ ਪੰਜਾਬ ਵਿਚ ਢਾਈ ਲੱਖ ਏਕੜ ਵਿਚ ਕਪਾਹ ਅਤੇ ਸਵਾ ਲੱਖ ਏਕੜ ਵਿਚ ਮੱਕੀ ਬੀਜੀ ਜਾ ਰਹੀ ਹੈ ਪਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਨਾਲ ਪੰਜਾਬ ਦੀ ਖੇਤੀ ਤੇ ਕਿਸਾਨ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਸੂਬਾ ਦੇਸ਼ ਦਾ ਅੰਨਦਾਤਾ ਹੈ, ਉਸ ਨੂੰ ਇਸ ਸਮਝੌਤੇ ਸੰਬੰਧੀ ਨਾ ਤਾਂ ਅੱਜ ਤੱਕ ਪੁੱਛਿਆ ਗਿਆ ਹੈ ਤੇ ਨਾ ਹੀ ਕੁਝ ਦੱਸਿਆ ਹੀ ਗਿਆ ਹੈ | ਮੁੱਖ ਮੰਤਰੀ ਕਿਹਾ ਕਿ ਹੁਣ ਨਵਾਂ ਬੀਜ ਐਕਟ ਵੀ ਅਮਰੀਕਾ ਦੀ ਮਰਜ਼ੀ ਅਨੁਸਾਰ ਲਿਆਂਦਾ ਜਾ ਰਿਹਾ ਹੈ ਅਤੇ ਜਿਸ ਦਾ ਬੀਜ ਵੀ ਅਮਰੀਕਾ ਤੋਂ ਆਵੇਗਾ ਅਤੇ ਸਾਡਾ ਕਿਸਾਨ ਆਪਣਾ ਬੀਜ ਨਹੀਂ ਰੱਖ ਸਕੇਗਾ ਅਤੇ ਅਮਰੀਕੀ ਬੀਜ ਕੰਪਨੀਆਂ ਬਿਨਾਂ ਰਜਿਸਟ੍ਰੇਸ਼ਨ ਕੰਮ ਕਰ ਸਕਣਗੀਆਂ | ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਜਿਵੇਂ ਈਸਟ ਇੰਡੀਆ ਕੰਪਨੀ ਰਾਹੀਂ ਦੇਸ਼ ਗੁਲਾਮ ਕੀਤਾ ਸੀ, ਹੁਣ ਵੈਸਟ ਇੰਡੀਆ ਕੰਪਨੀ ਦੇਸ਼ ਦੇ ਵਪਾਰ 'ਤੇ ਕਾਬਜ਼ ਹੋਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਅਮਰੀਕਾ ਦਾ ਕਿਵੇਂ ਮੁਕਾਬਲਾ ਕਰੇਗਾ, ਜਿਥੋਂ ਦੇ ਕਿਸਾਨ ਨੂੰ ਸਾਡੇ ਨਾਲੋਂ 35 ਗੁਣਾਂ ਵੱਧ ਖੇਤੀ ਸਬਸਿਡੀ ਮਿਲ ਰਹੀ ਹੈ ਅਤੇ ਸਾਡੇ 4-5 ਏਕੜ ਵਿਚ ਖੇਤੀ ਕਰਨ ਵਾਲੇ ਕਿਸਾਨ ਮੁਕਾਬਲੇ ਅਮਰੀਕੀ ਕਿਸਾਨ ਘੱਟੋ-ਘੱਟ 500 ਤੋਂ 550 ਏਕੜ ਤੋਂ ਖੇਤੀ ਸ਼ੁਰੂ ਕਰਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਸੂਬੇ ਨੂੰ ਭਿਖਾਰੀ ਬਣਾਉਣ ਜਾ ਰਹੀ ਹੈ | ਮੁੱਖ ਮੰਤਰੀ ਕਿਹਾ ਕਿ ਪ੍ਰਧਾਨ ਮੰਤਰੀ ਬਹੁਤਾ ਸਮਾਂ ਵਿਦੇਸ਼ਾਂ ਵਿਚ ਹੀ ਰਹਿੰਦੇ ਹਨ ਅਤੇ ਦੂਜੇ ਦੇਸ਼ ਵਿਚ ਭੁਚਾਲ ਆਉਣ 'ਤੇ ਵੀ ਸਹਾਇਤਾ ਭੇਜਦੇ ਹਨ ਪਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੇਵਲ ਐਲਾਨ ਹੀ ਹੋਏ ਪਰ ਕੋਈ ਸਹਾਇਤਾ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਡੇ ਜੀ.ਐਸ.ਟੀ., ਕੌਮੀ ਸਿਹਤ ਮਿਸ਼ਨ ਅਤੇ ਦਿਹਾਤੀ ਵਿਕਾਸ ਫੰਡ ਦਾ ਹਜ਼ਾਰਾਂ ਕਰੋੜ ਰੁਪਿਆ ਦੱਬਿਆ ਹੋਇਆ ਹੈ ਅਤੇ ਪੰਜਾਬ ਨਾਲ ਲਗਾਤਾਰ ਧੱਕਾ ਤੇ ਬੇਇਨਸਾਫੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਲੋਂ ਮੋਦੀ ਸਰਕਾਰ ਦੇ ਲਗਵਾਏ ਗੋਡਿਆਂ ਦੀ ਕਿੜ੍ਹ ਅੱਜ ਤਕ ਕੱਢੀ ਜਾ ਰਹੀ ਹੈ | ਮੁੱਖ ਮੰਤਰੀ ਕਿਹਾ ਕਿ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਕੰਟਰੋਲ ਵਿਚ ਲੈਣ ਅਤੇ ਚੰਡੀਗੜ੍ਹ 'ਚ ਵੀ ਲੈਫ਼ਟੀਨੈਂਟ ਗਵਰਨਰ ਲਗਾ ਕੇ ਇਸ ਦਾ 'ਸਟੇਟਸ' ਬਦਲਣ ਦੀਆਂ ਗੱਲਾਂ ਹੋ ਰਹੀਆਂ ਹਨ, ਜਦੋਂਕਿ ਪੰਜਾਬ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ 'ਚ ਸੀਵਰੇਜ ਦਾ ਇਕ ਢੱਕਣ ਵੀ ਕੇਂਦਰੀ ਗ੍ਰਹਿ ਮੰਤਰੀ ਤੋਂ ਬਿਨਾਂ ਨਹੀਂ ਬਦਲਿਆ ਜਾ ਸਕਦਾ ਅਤੇ ਕੋਈ ਮੰਤਰੀ ਆਪਣੇ ਤੌਰ 'ਤੇ ਫ਼ੈਸਲਾ ਨਹੀਂ ਲੈ ਸਕਦਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸਭ ਅਦਾਰੇ ਚੋਣਵੇਂ ਧਨਾਢ ਵਪਾਰੀਆਂ ਨੂੰ ਵੇਚੇ ਜਾ ਰਹੇ ਹਨ ਪਰ ਖ਼ਰੀਦ ਕੇਵਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੀਡੀਆ ਦੀ ਹੋ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਜੇਕਰ ਮੈਂ ਬੋਲਿਆ ਤਾਂ ਮੋਦੀ ਦਾ ਕੈਰੀਅਰ ਖ਼ਤਮ ਹੋ ਜਾਵੇਗਾ, ਜਿਸ ਤੋ ਸਪਸ਼ਟ ਹੈ ਕਿ ਟਰੰਪ ਕੋਲ ਮੋਦੀ ਦੇ ਕੋਈ ਰਾਜ ਹਨ, ਜਿਨ੍ਹਾਂ ਮੋਦੀ ਨੂੰ ਕਮਜ਼ੋਰ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਗੁਰੂ ਚੇਲਾ ਬਣ ਗਿਆ ਹੈ ਅਤੇ ਅੱਜ ਇਕ ਦੇਸ਼ ਵੀ ਸਾਡੇ ਨਾਲ ਨਹੀਂ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਕਰਜ਼ੇ ਵੀ ਕੇਵਲ ਅਡਾਨੀ-ਅੰਬਾਨੀਆਂ ਦੇ ਹੀ ਮੁਆਫ਼ ਹੋ ਰਹੇ ਹਨ, ਜਦੋਂਕਿ ਆਮ ਲੋਕਾਂ ਦੇ ਵਿਹੜਿਆਂ 'ਚ ਤਾਂ ਗ਼ਰੀਬੀ ਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਜਪਾ ਦਾ ਵੀ ਹੁਣ ਕਾਂਗਰਸੀਕਰਨ ਹੋ ਚੁੱਕਾ ਹੈ | ਉਨ੍ਹਾਂ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਵੀ ਸਵਾਲ ਉਠਾਏ | ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਮਰੀਕਾ-ਭਾਰਤ ਵਪਾਰ ਸਮਝੌਤੇ 'ਚੋਂ ਖੇਤੀ ਸੈਕਟਰ 'ਚੋਂ ਬਾਹਰ ਨਹੀਂ ਰੱਖਿਆ ਜਾਂਦਾ ਤਾਂ ਪੰਜਾਬੀ ਇਕ ਵੱਡੇ ਅੰਦੋਲਨ ਲਈ ਤਿਆਰ ਹੋ ਜਾਣ ਅਤੇ ਆਮ ਆਦਮੀ ਪਾਰਟੀ ਦੇਸ਼ ਨੂੰ ਅਮਰੀਕਾ ਦੀ ਬਸਤੀ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ | ਰਾਜ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪੇਸ਼ ਕੀਤੇ ਗਏ ਮਤੇ ਦਾ ਸਮਰਥਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਵੀ ਇਸ ਸਮਝੌਤੇ ਦੇ ਕਿਸਾਨੀ 'ਤੇ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਕਿਹਾ ਕਿ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਦੀ ਨਿੱਤ ਦਿਹਾੜੇ ਪੁਲਿਸ ਵਲੋਂ ਹੁੰਦੀ ਮਾਰਕੁੱਟ ਦਾ ਵੀ ਮੁੱਦਾ ਉਠਾਇਆ | ਮਤੇ 'ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਲਾਲਜੀਤ ਸਿੰਘ ਭੁੱਲਰ, ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਪ੍ਰਗਟ ਸਿੰਘ ਅਤੇ ਹੁਕਮਰਾਨ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨੇ ਵੀ ਵਿਚਾਰ ਰੱਖੇ, ਜਿਸ ਨੂੰ ਭਾਜਪਾ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ |
ਖਹਿਰਾ ਦੇ ਟਵੀਟ 'ਤੇ ਹੰਗਾਮਾ
ਬਜਟ ਇਜਲਾਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਇਕ ਟਵੀਟ ਦਾ ਮਾਮਲਾ ਉਠਾਇਆ, ਜਿਸ ਵਿਚ ਕਿਹਾ ਗਿਆ ਸੀ ਕਿ 'ਇਕ-ਇਕ ਹਜ਼ਾਰ ਰੁਪਏ ਲਈ ਗਿੱਧੇ ਪਾਉਣ ਵਾਲੀਆਂ ਕੀ ਸੂਰਮੇ ਪੈਦਾ ਕਰਨਗੀ |' ਵਿੱਤ ਮੰਤਰੀ ਨੇ ਕਿਹਾ ਕਿ ਇਹ ਔਰਤ ਜਾਤੀ ਦਾ ਅਪਮਾਨ ਹੈ ਅਤੇ ਇਕ ਗੰਭੀਰ ਮਾਮਲਾ ਹੈ | ਖਹਿਰਾ ਦੀ ਗੈਰ-ਹਾਜ਼ਰੀ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨਾ ਤਾਂ ਇਹ ਟਵੀਟ ਵੇਖਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਖਹਿਰਾ ਨਾਲ ਗੱਲ ਹੋਈ ਹੈ, ਪ੍ਰੰਤੂ ਉਹ ਇਸ ਲਈ ਮੁਆਫ਼ੀ ਮੰਗਦੇ ਹਨ, ਕਿਉਂਕਿ ਉਨ੍ਹਾਂ ਦੀ ਪਾਰਟੀ ਔਰਤਾਂ ਦੇ ਅਪਮਾਨ ਬਾਰੇ ਕਦੀ ਸੋਚ ਵੀ ਨਹੀਂ ਸਕਦੀ | ਉਨ੍ਹਾਂ ਇਹ ਵੀ ਕਿਹਾ ਕਿ ਸਪੀਕਰ ਸਾਹਿਬ ਨੂੰ ਸੁਖਪਾਲ ਸਿੰਘ ਖਹਿਰਾ ਖ਼ੁਦ ਆਪਣਾ ਪੱਖ ਦਸ ਵੀ ਦੇਣਗੇ ਪਰ ਆਮ ਆਦਮੀ ਪਾਰਟੀ ਦੀਆਂ 4-5 ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਵਿਰੋਧ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਦਾ ਦੂਜੇ 'ਆਪ' ਵਿਧਾਇਕ ਵੀ ਸਮਰਥਨ ਕਰ ਰਹੇ ਸਨ, ਜਿਸ 'ਤੇ ਸਪੀਕਰ ਇਜਲਾਸ ਅੱਧੇ ਘੰਟੇ ਲਈ ਉਠਾ ਕੇ ਚਲੇ ਗਏ | ਦੁਬਾਰਾ ਇਜਲਾਸ ਦੀ ਬੈਠਕ ਸ਼ੁਰੂ ਹੋਣ 'ਤੇ ਹਰਪਾਲ ਸਿੰਘ ਚੀਮਾ ਵਲੋਂ ਸੁਖਪਾਲ ਸਿੰਘ ਖਹਿਰਾ ਵਿਰੁੱਧ ਨਿੰਦਾ ਪ੍ਰਸਤਾਵ ਪੇਸ਼ ਕੀਤਾ ਗਿਆ | ਪ੍ਰਤਾਪ ਸਿੰਘ ਬਾਜਵਾ ਨੇ ਦੁਬਾਰਾ ਸਪੀਕਰ ਨੂੰ ਦੱਸਿਆ ਕਿ ਉਨ੍ਹਾਂ ਖਹਿਰਾ ਨਾਲ ਟੈਲੀਫ਼ੋਨ 'ਤੇ ਗੱਲ ਕੀਤੀ ਹੈ, ਜੋ ਚੰਡੀਗੜ੍ਹ ਤੋਂ ਬਾਹਰ ਹਨ ਅਤੇ ਕੱਲ੍ਹ ਇਜਲਾਸ ਵਿਚ ਆਉਣਗੇ | ਉਨ੍ਹਾਂ ਕਿਹਾ ਕਿ ਖਹਿਰਾ ਨੇ ਦੱਸਿਆ ਹੈ ਕਿ ਮੇਰੇ ਵਲੋਂ ਟਿੱਪਣੀ ਇਕ ਯੂ-ਟਿਊਬਰ ਵਲੋਂ ਪਾਈ ਗਈ ਹੈ ਅਤੇ ਉਸ ਵਲੋਂ ਮੇਰੇ ਵਿਚਾਰ ਆਪਣੇ ਲਫ਼ਜ਼ਾਂ ਵਿਚ ਪੇਸ਼ ਕੀਤਾ ਗਿਆ ਹੈ | ਕਾਂਗਰਸ ਦੇ ਕਈ ਮੈਂਬਰਾਂ ਵਲੋਂ ਵੀ ਇਸ ਮਤੇ ਨੂੰ ਖਹਿਰਾ ਦਾ ਸਪਸ਼ਟੀਕਰਨ ਜਾਨਣ ਤਕ ਮਤਾ ਨਾ ਕਰਨ ਦੀ ਮੰਗ ਉਠਾਈ, ਜਦੋਂਕਿ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਪੁਲਿਸ ਨੇ ਜਿਸ ਨੌਜਵਾਨ ਰਣਜੀਤ ਸਿੰਘ ਨੂੰ ਮਾਰਿਆ ਹੈ, ਉਹ ਕਿਸੇ ਮਾਂ ਦਾ ਪੁੱਤਰ ਨਹੀਂ ਸੀ ਅਤੇ ਉਸ ਦੀ ਮਾਂ ਦਾ ਅਪਮਾਨ ਨਹੀਂ, ਜਦੋਂਕਿ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਦਾ ਕਹਿਣਾ ਸੀ ਕਿ ਪੁਲਿਸ ਰੋਜ਼ ਸੜਕਾਂ 'ਤੇ ਮਹਿਲਾ ਅਧਿਆਪਕਾਂ ਦਾ ਕੁਟਾਪਾ ਕਰਦੀ ਹੈ, ਵਾਲਾਂ ਤੋ ਘਸੀਟਦੀ ਹੈ ਤਾਂ ਕੀ ਇਹ ਔਰਤਾਂ ਦਾ ਅਪਮਾਨ ਨਹੀਂ ਪਰ 'ਆਪ' ਮੈਂਬਰਾਂ ਆਵਾਜ਼ ਦੀ ਵੋਟ ਨਾਲ ਮਤਾ ਪਾਸ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਚਾਲੂ ਵਿੱਤੀ ਸਾਲ ਦੀਆਂ ਵਿੱਤੀ ਮੰਗਾਂ ਅਗਲੀ ਖ਼ਬਰ ਈਰਾਨ ਵਲੋਂ ਅਮਰੀਕਾ 'ਤੇ ਦਬਾਅ ਵਧਾਉਣ ਲਈ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਹਮਲੇ ਤੇਜ਼
Ad Position 24