ਨਵੀਂ ਦਿੱਲੀ, 11 ਮਾਰਚ (ਜਗਤਾਰ ਸਿੰਘ)-ਮੱਧ ਪੂਰਬ ਦੇਸ਼ਾਂ 'ਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਭਾਰਤ ਵਿਚ ਪੈਦਾ ਹੋਏ ਐਲ.ਪੀ.ਜੀ. ਗੈਸ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (ਸਾਬਕਾ ਮੁੱਖ ਮੰਤਰੀ) ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਐਲ.ਪੀ.ਜੀ. ਗੈਸ ਦੀ ਭਾਰੀ ਕਮੀ ਕਾਰਨ ਦੇਸ਼ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਕੇਜਰੀਵਾਲ ਨੇ ਇਸ ਸੰਕਟ ਲਈ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਸੰਘਰਸ਼ਾਂ ਵਿਚ ਨਿਰਪੱਖ ਰਹਿਣ ਦੀ ਆਪਣੀ ਰਵਾਇਤੀ ਨੀਤੀ ਨੂੰ ਛੱਡ ਦਿੱਤਾ ਹੈ | ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਐਲ.ਪੀ.ਜੀ. ਦੀ ਰੋਜ਼ਾਨਾ ਉਪਲਬਧਤਾ ਲਗਭਗ 50 ਪ੍ਰਤੀਸ਼ਤ ਘੱਟ ਗਈ ਹੈ, ਜਿਸ ਦਾ ਸਿੱਧਾ ਪ੍ਰਭਾਵ ਹੋਟਲਾਂ, ਰੈਸਟੋਰੈਂਟਾਂ ਅਤੇ ਉਦਯੋਗਾਂ 'ਤੇ ਪਿਆ ਹੈ | ਉਨ੍ਹਾਂ ਨੇ ਦੱਸਿਆ ਕਿ ਭਾਰਤ ਦੀ ਕੁੱਲ ਐਲ.ਪੀ.ਜੀ. ਖਪਤ ਦਾ ਲਗਭਗ 60 ਪ੍ਰਤੀਸ਼ਤ ਦਰਾਮਦ ਰਾਹੀਂ ਪੂਰਾ ਕੀਤਾ ਜਾਂਦਾ ਹੈ ਅਤੇ ਇਸ ਦਰਾਮਦ ਦਾ ਲਗਭਗ 90 ਪ੍ਰਤੀਸ਼ਤ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਆਉਂਦਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਅੰਤਰਰਾਸ਼ਟਰੀ ਸਥਿਤੀ ਕਾਰਨ ਇਸ ਰਸਤੇ ਰਾਹੀਂ ਭਾਰਤ ਨੂੰ ਸਪਲਾਈ ਲਗਭਗ ਬੰਦ ਹੋ ਗਈ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿਚ ਐਲ.ਪੀ.ਜੀ. ਦੀ ਉਪਲਬਧਤਾ ਵਿਚ ਅਚਾਨਕ ਕਮੀ ਆਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਗੈਸ ਸਪਲਾਈ ਵਿਚ ਅੜਿੱਕੇ ਕਾਰਨ ਮੁੰਬਈ ਦੇ ਲਗਭਗ 20 ਫ਼ੀਸਦੀ ਹੋਟਲ ਅਤੇ ਰੈਸਟੋਰੈਂਟ ਬੰਦ ਹੋ ਗਏ ਹਨ, ਤਾਮਿਲਨਾਡੂ 'ਚ ਲਗਭਗ ਦਸ ਹਜ਼ਾਰ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦੀ ਕਗਾਰ 'ਤੇ ਹਨ, ਜਦੋਂ ਕਿ ਪੰਜਾਬ ਅਤੇ ਦਿੱਲੀ-ਐਨਸੀਆਰ ਵਿਚ ਹਜ਼ਾਰਾਂ ਹੋਟਲ ਅਤੇ ਰੈਸਟੋਰੈਂਟ ਵੀ ਪ੍ਰਭਾਵਿਤ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਨਾਲ ਖੜ੍ਹੇ ਹੋ ਕੇ ਈਰਾਨ ਵਿਰੁੱਧ ਸਟੈਂਡ ਲਿਆ, ਜਿਸ ਕਾਰਨ ਭਾਰਤ ਨੂੰ ਤੇਲ ਅਤੇ ਗੈਸ ਸਪਲਾਈ ਦੇ ਮਾਮਲੇ ਵਿਚ ਨੁਕਸਾਨ ਹੋ ਰਿਹਾ ਹੈ |