ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ)-ਅਸਾਮ, ਕੇਰਲ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ ਲਈ 9 ਅਪ੍ਰੈਲ ਨੂੰ ਇਕ ਹੀ ਪੜਾਅ 'ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਮਈ ਨੂੰ ਆਉਣਗੇ | ਅਸਾਮ ਦੀਆਂ 126, ਕੇਰਲ ਦੀਆਂ 140 ਅਤੇ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਇਕੱਠੇ ਵੋਟਾਂ ਪੈਣਗੀਆਂ | ਤਿੰਨਾਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਰਾਜਨੀਤਕ ਪਾਰਟੀਆਂ ਨੇ ਅੰਤਿਮ ਸਮੇਂ ਤੱਕ ਜ਼ੋਰਦਾਰ ਪ੍ਰਚਾਰ ਕੀਤਾ | ਅਸਾਮ 'ਚ ਕੁਲ 2.5 ਕਰੋੜ ਵੋਟਰ ਹਨ, ਜਿਨ੍ਹਾਂ 'ਚ 1.25 ਕਰੋੜ ਪੁਰਸ਼, 1.25 ਕਰੋੜ ਔਰਤਾਂ ਅਤੇ 343 ਕਿੰਨਰ ਵੋਟਰ ਹਨ | 18-19 ਸਾਲ ਦੀ ਉਮਰ ਵਰਗ ਦੇ 5.75 ਲੱਖ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ | 126 ਸੀਟਾਂ 'ਤੇ 722 ਉਮੀਦਵਾਰ ਚੋਣ ਲੜ ਰਹੇ ਹਨ ਤੇ ਬਹੁਮਤ ਦਾ ਅੰਕੜਾ 64 ਹੈ | ਕੇਰਲ 'ਚ 890 ਉਮੀਦਵਾਰ ਮੈਦਾਨ 'ਚ ਹਨ | ਇਥੇ ਸਰਕਾਰ ਬਣਾਉਣ ਲਈ 71 ਸੀਟਾਂ ਦਾ ਬਹੁਮਤ ਜ਼ਰੂਰੀ ਹੈ | ਰਾਜ 'ਚ ਕੁਲ 2.71 ਕਰੋੜ ਵੋਟਰ ਹਨ, ਜਿਨ੍ਹਾਂ 'ਚ 1.32 ਕਰੋੜ ਪੁਰਸ਼, 1.39 ਕਰੋੜ ਔਰਤਾਂ ਅਤੇ 272 ਕਿੰਨਰ ਵੋਟਰ ਸ਼ਾਮਿਲ ਹਨ | ਪੁਡੂਚੇਰੀ 'ਚ 30 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ, ਜਿਨ੍ਹਾਂ 'ਚ 5 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ | ਇਥੇ ਸਰਕਾਰ ਬਣਾਉਣ ਲਈ 16 ਸੀਟਾਂ ਦਾ ਬਹੁਮਤ ਜ਼ਰੂਰੀ ਹੈ | ਕੁਲ 9.44 ਲੱਖ ਵੋਟਰਾਂ 'ਚ ਕਰੀਬ 4.43 ਲੱਖ ਪੁਰਸ਼, 5 ਲੱਖ ਔਰਤ ਅਤੇ 139 ਕਿੰਨਰ ਵੋਟਰ ਸ਼ਾਮਿਲ ਹਨ |