21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹਾਈ ਕੋਰਟ ਵਲੋਂ ਕੋਟਕਪੂਰਾ ਬੇਅਦਬੀ ਮਾਮਲਿਆਂ ਦੀ ਸੁਣਵਾਈ ਚੰਡੀਗੜ੍ਹ ਤਬਦੀਲ <br/>

Ad Position 21
No active advertisement
ਅਜੀਤ ਡੈਸਕ 10-04-2026

ਚੰਡੀਗੜ੍ਹ, 9 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਪੰਜਾਬ ਦੇ ਬਹੁਚਰਚਿਤ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਵੀਰਵਾਰ ਨੂੰ ਇਕ ਹੋਰ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਟ੍ਰਾਇਲ ਨੂੰ ਵੀ ਫ਼ਰੀਦਕੋਟ ਤੋਂ ਚੰਡੀਗੜ੍ਹ ਦੀ ਟ੍ਰਾਇਲ ਅਦਾਲਤ ਵਿਚ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਸ ਤੋਂ ਪਹਿਲਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਵੀ ਚੰਡੀਗੜ੍ਹ ਸ਼ਿਫਟ ਕੀਤੀ ਜਾ ਚੁੱਕੀ ਹੈ | ਹਾਈ ਕੋਰਟ ਨੇ ਕੋਟਕਪੂਰਾ ਥਾਣੇ 'ਚ ਦਰਜ ਦੋ ਅਹਿਮ ਐਫ.ਆਈ.ਆਰ ਦੀ ਸੁਣਵਾਈ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ | ਇਨ੍ਹਾਂ ਮਾਮਲਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰਨਾਂ 'ਤੇ ਕਤਲ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਦੇ ਦੋਸ਼ ਸ਼ਾਮਿਲ ਹਨ | ਇਹ ਹੁਕਮ ਜਸਟਿਸ ਤਿ੍ਭੁਵਨ ਦਹੀਆ ਵਲੋਂ ਮੋਗਾ ਦੇ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਅਤੇ ਤਤਕਾਲੀਨ ਆਈ.ਜੀ ਪਰਮਜੀਤ ਸਿੰਘ ਉਮਰਾਨੰਗਲ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਜਾਰੀ ਕੀਤਾ ਗਿਆ | ਇਹ ਮਾਮਲੇ ਪਹਿਲਾਂ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਲੰਬਿਤ ਸਨ | ਅਦਾਲਤ ਅੱਗੇ ਪਟੀਸ਼ਨਕਰਤਾਵਾਂ ਵਲੋਂ ਦਲੀਲ ਦਿੱਤੀ ਗਈ ਕਿ ਇਸੇ ਕੇਸ ਨਾਲ ਸੰਬੰਧਿਤ ਇਕ ਹੋਰ ਮਾਮਲਾ ਪਹਿਲਾਂ ਹੀ 31 ਮਈ 2024 ਨੂੰ ਚੰਡੀਗੜ੍ਹ ਤਬਦੀਲ ਕੀਤਾ ਜਾ ਚੁੱਕਾ ਹੈ, ਜਦਕਿ ਸੰਬੰਧਿਤ ਟ੍ਰਾਇਲ ਨੂੰ ਲੈ ਕੇ ਹੇਠਲੀ ਅਦਾਲਤ ਵਲੋਂ ਭੇਜਿਆ ਗਿਆ ਹਵਾਲਾ ਅਜੇ ਤੱਕ ਲੰਬਿਤ ਸੀ | ਅਜਿਹੇ 'ਚ ਸਾਰੇ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਇੱਕੋ ਥਾਂ 'ਤੇ ਹੋਣਾ ਨਿਆਂ ਦੇ ਹਿੱਤ 'ਚ ਲਾਜ਼ਮੀ ਹੈ | ਹਾਈ ਕੋਰਟ ਨੇ ਆਪਣੇ ਹੁਕਮ 'ਚ ਸਪੱਸ਼ਟ ਕੀਤਾ ਕਿ ਨਿਰਪੱਖ ਅਤੇ ਸੁਤੰਤਰ ਸੁਣਵਾਈ ਭਾਰਤੀ ਸੰਵਿਧਾਨ ਦੇ ਆਰਟਿਕਲ 21 ਤਹਿਤ ਇੱਕ ਮੂਲ ਅਧਿਕਾਰ ਹੈ, ਜੋ ਅਪਰਾਧਿਕ ਨਿਆਂ ਪ੍ਰਣਾਲੀ ਦੀ ਬੁਨਿਆਦ ਹੈ | ਅਦਾਲਤ ਨੇ ਕਿਹਾ ਕਿ ਨਿਆਂ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਕਿਸੇ ਵੀ ਕਿਸਮ ਦੇ ਪੱਖਪਾਤ ਤੋਂ ਮੁਕਤ ਹੋਵੇ ਚਾਹੇ ਉਹ ਦੋਸ਼ੀ ਦੇ ਹੱਕ ਵਿਚ ਹੋਵੇ ਜਾਂ ਪੀੜਤ ਦੇ ਹੱਕ ਵਿਚ | ਸਾਲ 2015 ਦੌਰਾਨ ਫ਼ਰੀਦਕੋਟ ਜ਼ਿਲ੍ਹੇ 'ਚ ਜੂਨ ਤੋਂ ਅਕਤੂਬਰ ਦੇ ਵਿਚਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ | ਇਨ੍ਹਾਂ ਘਟਨਾਵਾਂ ਤੋਂ ਬਾਅਦ ਪੂਰੇ ਇਲਾਕੇ ਵਿਚ ਵਿਆਪਕ ਗੁੱਸਾ ਫ਼ੈਲ ਗਿਆ ਸੀ | ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਕ ਘਟਨਾਵਾਂ ਦੇ ਦਰਮਿਆਨ ਹਾਲਾਤ ਕਾਬੂ ਕਰਨ ਲਈ ਪੁਲਿਸ ਨੂੰ ਦਖਲ ਦੇਣਾ ਪਿਆ | ਇਸੇ ਦੌਰਾਨ ਬਹਿਬਲ ਕਲਾਂ ਵਿਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ | ਇਸ ਘਟਨਾ ਤੋਂ ਬਾਅਦ ਬਾਜਾਖਾਨਾ ਥਾਣੇ 'ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਵੀ ਪਹਿਲਾਂ ਹੀ ਚੰਡੀਗੜ੍ਹ ਤਬਦੀਲ ਕੀਤੀ ਜਾ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਬੀਬੀ ਜਗੀਰ ਕੌਰ ਅਕਾਲੀ ਦਲ (ਪੁਨਰ ਸੁਰਜੀਤ) ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰਾਹੁਲ ਵਲੋਂ ਸੀ.ਆਰ.ਪੀ.ਐਫ. 'ਚ ਵਿਤਕਰਾ ਖ਼ਤਮ ਕਰਨ ਦੀ ਮੰਗ
Ad Position 24