ਚੰਡੀਗੜ੍ਹ, 9 ਅਪ੍ਰੈਲ (ਪ੍ਰੋ. ਅਵਤਾਰ ਸਿੰਘ)ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰ ਕੇ ਅਕਾਲੀ ਦਲ ਨੂੰ ਹੋਰ ਮਜਬੂਤੀ ਦੇਣ ਵਾਸਤੇ ਇਹ ਨਿਯੁਕਤੀ ਕੀਤੀ ਹੈ | ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਥਕ ਪਾਰਟੀ ਆਪਣੇ ਪੁਰਾਣੇ ਕਾਡਰ ਵਿਚ ਹਰਮਨ ਪਿਆਰਤਾ ਹਾਸਲ ਕਰ ਰਹੀ ਹੈ | ਅਜਿਹੇ ਸਮੇਂ ਅਕਾਲੀ ਦਲ ਵਿਚ ਅÏਰਤਾਂ ਦੀ ਭੂਮਿਕਾ ਨੂੰ ਮੁੱਖ ਰੱਖਦਿਆਂ ਇਹ ਮਹੱਤਵਪੂਰਨ ਨਿਯੁਕਤੀ ਕੀਤੀ ਗਈ ਹੈ | ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ, ਜੋ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ | ਉਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਲ ਵਿਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਵਿਚ ਵੱਡਾ ਰੋਲ ਨਿਭਾਇਆ ਸੀ | ਪੰਜਾਬ ਦੀ ਅਕਾਲੀ ਸਰਕਾਰ ਵਿਚ ਉਨ੍ਹਾਂ ਨੇ ਆਵਾਜਾਈ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਕੀਤੀ | ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੂੰ ਸੰਭਾਲਣ ਦਾ ਵੀ ਉਨ੍ਹਾਂ ਦਾ ਲੰਬਾ ਤਜ਼ਰਬਾ ਹੈ | ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ (ਪੁਨਰ-ਸਰਜੀਤ) ਨੂੰ ਸੱਥਾਂ ਤੋਂ ਘਰਾਂ ਦੇ ਵਿਹੜਿਆਂ ਤੱਕ ਪਹੁੰਚਾਉਣ ਵਿਚ ਭਰਪੂਰ ਮਦਦ ਮਿਲੇਗੀ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਇਸ ਤਰ੍ਹਾਂ ਮਾਈ-ਭਾਈ ਦੇ ਸਹਿਯੋਗ ਨਾਲ ਆਪਣੇ ਪੁਰਾਣੇ ਪੰਥਕ ਸਰੂਪ ਨੂੰ ਹਾਸਲ ਕਰ ਸਕੇਗਾ |