ਰਾਜ ਸਭਾ 'ਚ 109.87 ਫ਼ੀਸਦੀ ਅਤੇ ਲੋਕ ਸਭਾ 'ਚ 93 ਫ਼ੀਸਦੀ ਰਹੀ ਉਤਪਾਦਕਤਾ ਦਰ
ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਸਨਿਚਰਵਾਰ ਨੂੰ ਖ਼ਤਮ ਹੋਏ ਸੰਸਦ ਦੇ ਬਜਟ ਇਜਲਾਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ 'ਚ ਤਕਰੀਬਨ 309 ਘੰਟੇ ਕੰਮ ਹੋਇਆ | ਇਸ ਦੌਰਾਨ ਰਾਜ ਸਭਾ ਦੀ ਉਤਪਾਦਕਤਾ ਦਰ 109.87 ਫ਼ੀਸਦੀ ਅਤੇ ਲੋਕ ਸਭਾ ਦੀ 93 ਫ਼ੀਸਦੀ ਰਹੀ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੇਠਲੇ ਸਦਨ 'ਚ ਹੋਏ ਕੰਮਕਾਜ ਦਾ ਲੇਖਾ-ਜੋਖਾ ਅੱਗੇ ਰੱਖਦਿਆਂ ਕਿਹਾ ਕਿ ਇਜਲਾਸ ਦੌਰਾਨ 12 ਸਰਕਾਰੀ ਬਿੱਲ ਮੁੜ ਸਥਾਪਿਤ ਕੀਤੇ ਗਏ, ਜਦਕਿ 9 ਬਿੱਲ ਪਾਸ ਹੋਏ | ਪਾਸ ਹੋਏ ਬਿੱਲਾਂ 'ਚ ਵਿੱਤੀ ਬਿੱਲ 2026, ਦਿਵਾਲਾ ਅਤੇ ਦਿਵਾਲੀਆਪਨ ਕੋਡ (ਸੋਧ) ਬਿੱਲ 2026, ਆਂਧਰਾ ਪ੍ਰਦੇਸ਼ ਪੁਨਰਗਠਨ (ਸੋਧ) ਬਿੱਲ 2026, ਕੇਂਦਰੀ ਹਥਿਆਰਬੰਦ ਪੁਲਿਸ ਬਲ (ਆਮ ਪ੍ਰਸ਼ਾਸਨ) ਬਿੱਲ 2026 ਸ਼ਾਮਿਲ ਹਨ | ਸਪੀਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਦੇ ਰਾਖਵੇਂਕਰਨ ਸੰਬੰਧੀ ਤਿੰਨ ਬਿੱਲਾਂ 'ਤੇ ਚਰਚਾ ਕਰਵਾਉਣ ਲਈ ਸੰਸਦ ਦੇ ਬਜਟ ਇਜਲਾਸ ਨੂੰ 3 ਦਿਨਾਂ ਲਈ ਵਧਾਇਆ ਗਿਆ | ਲੋਕ ਸਭਾ ਦੀ ਕਾਰਵਾਈ ਸ਼ਨਿਚਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦੱਸਿਆ ਕਿ ਇਸ ਇਜਲਾਸ ਵਿਚ ਕੁੱਲ 31 ਬੈਠਕਾਂ ਹੋਈਆਂ ਅਤੇ ਸਦਨ ਦੀ ਕਾਰਵਾਈ 151 ਘੰਟੇ ਅਤੇ 42 ਮਿੰਟ ਤੱਕ ਚੱਲੀ | 16 ਤੋਂ 18 ਅਪ੍ਰੈਲ ਦਰਮਿਆਨ ਬਜਟ ਇਜਲਾਸ ਤਹਿਤ ਸੱਦੇ ਵਿਸ਼ੇਸ਼ ਇਜਲਾਸ 'ਚ ਸੰਵਿਧਾਨ (131ਵੀਂ) ਸੋਧ ਬਿੱਲ 2026, ਹੱਦਬੰਦੀ ਬਿੱਲ 2026 ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਬਾਰੇ ਕਾਨੂੰਨ (ਸੋਧ) ਬਿੱਲ 2026 'ਤੇ ਕੁੱਲ 21 ਘੰਟੇ 27 ਮਿੰਟ ਤੱਕ ਲੰਬੀ ਚਰਚਾ ਚੱਲੀ ਜਿਸ 'ਚ 131 ਸੰਸਦ ਮੈਂਬਰਾਂ ਨੇ ਹਿੱਸਾ ਲਿਆ | ਹਾਲਾਂਕਿ ਸੰਵਿਧਾਨ ਸੋਧ ਬਿੱਲਾਂ ਦੇ ਦੋ ਤਿਹਾਈ ਸਮਰਥਨ ਹਾਸਿਲ ਨਾ ਹੋਣ 'ਤੇ ਇਹ ਬਿੱਲ ਪਾਸ ਨਾ ਹੋ ਸਕੇ | ਲੋਕ ਸਭਾ ਸੰਸਦ ਮੈਂਬਰਾਂ ਨੇ 18 ਭਾਰਤੀ ਭਾਸ਼ਾਵਾਂ 'ਚ 181 ਬਿਆਨ ਦਿੱਤੇ ਅਤੇ ਨਾਲੋ-ਨਾਲੋ ਉਨ੍ਹਾਂ ਦਾ ਅਨੁਵਾਦ ਵੀ ਕੀਤਾ ਗਿਆ | ਰਾਜ ਸਭਾ ਦੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਇਜਲਾਸ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਸਦਨ 'ਚ 157 ਘੰਟੇ 40 ਮਿੰਟ ਤੱਕ ਕਾਰਵਾਈ ਹੋਈ | ਇਜਲਾਸ ਦੀ ਉਤਪਾਦਕਤਾ 109.87 ਫ਼ੀਸਦੀ ਰਹੀ | ਇਜਲਾਸ ਦੌਰਾਨ 117 ਸਵਾਲ, 446 ਸਿਫ਼ਰ ਕਾਲ ਦੇ ਮੁੱਦੇ ਅਤੇ 207 ਵਿਸ਼ੇਸ਼ ਜ਼ਿਕਰ ਵਾਲੇ ਮੁੱਦੇ ਉਠਾਏ ਗਏ | ਸਦਨ 'ਚ 94 ਮੁੱਦਿਆਂ ਦੌਰਾਨ ਸੰਸਦ ਮੈਂਬਰਾਂ ਨੇ 12 ਖੇਤਰੀ ਭਾਸ਼ਾਵਾਂ 'ਚ ਗੱਲ ਕੀਤੀ |
ਬਜਟ ਇਜਲਾਸ ਦੌਰਾਨ ਦੋਵੇਂ ਸਦਨਾਂ 'ਚ 309 ਘੰਟਿਆਂ ਤੋਂ ਵੱਧ ਦਾ ਕੰਮ ਹੋਇਆ
ਅਜੀਤ ਡੈਸਕ
19-04-2026