ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਪਹਿਲਗਾਮ ਹਮਲੇ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਭਾਰਤ ਦੀ ਅੱਤਵਾਦ ਦੇ ਖ਼ਿਲਾਫ਼ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਅੱਤਵਾਦ ਦੇ ਕਿਸੇ ਵੀ ਰੂਪ ਅੱਗੇ ਕਦੇ ਨਹੀਂ ਝੁਕੇਗਾ | ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਹਮਲੇ 'ਚ ਮਾਰੇ ਗਏ ਲੋਕ ਕਦੇ ਭੁਲਾਏ ਨਹੀਂ ਜਾਣਗੇ ਅਤੇ ਦੁੱਖ ਦੀ ਇਸ ਘੜੀ 'ਚ ਪੂਰੇ ਦੇਸ਼ ਦੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ | ਉਨ੍ਹਾਂ ਅੱਗੇ ਲਿਖਿਆ ਕਿ ਇਕ ਰਾਸ਼ਟਰ ਵਜੋਂ ਅਸੀਂ ਸ਼ੋਕ ਅਤੇ ਮਜ਼ਬੂਤ ਸੰਕਲਪ 'ਚ ਇਕਜੁੱਟ ਹਾਂ | ਭਾਰਤ ਅੱਤਵਾਦ ਦੇ ਕਿਸੇ ਵੀ ਰੂਪ ਅੱਗੇ ਕਦੇ ਨਹੀਂ ਝੁਕੇਗਾ | ਅੱਤਵਾਦੀਆਂ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ | ਜ਼ਿਕਰਯੋਗ ਹੈ ਕਿ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਬੈਸਰਨ ਵਾਦੀ 'ਚ ਦੁਪਹਿਰੇ ਤਕਰੀਬਨ ਢਾਈ ਵਜੇ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਅੰਨੇਵਾਹ ਗੋਲੀਬਾਰੀ ਕੀਤੀ, ਜਿਸ 'ਚ 26 ਲੋਕਾਂ ਦੀ ਮੌਤ ਹੋ ਗਈ ਸੀ |
ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ
ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਮੌਕੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕਾਂਗਰਸ ਪ੍ਰਧਾਨ ਮੰਤਰੀ ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਮੇਤ ਕਈ ਸ਼ਖ਼ਸੀਅਤਾਂ ਨੇ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਘਿਨਾਉਣੇ ਹਮਲੇ 'ਚ ਬੇਗੁਨਾਹ ਲੋਕਾਂ ਦੀ ਜਾਨ ਜਾਣ ਦਾ ਦੁਖਦ ਮੰਜ਼ਰ ਸਾਡੀਆਂ ਯਾਦਾਂ 'ਚ ਉੱਕਰਿਆ ਹੋਇਆ ਹੈ | ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਅੱਤਵਾਦ ਨੂੰ ਉਸਦੇ ਸਾਰੇ ਰੂਪਾਂ 'ਚ ਹਰਾਉਣ ਲਈ ਪੂਰੀ ਤਰ੍ਹਾਂ ਦਿ੍ੜ੍ਹ ਹੈ | ਉਨ੍ਹਾਂ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ | ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਣਨ ਨੇ ਕਿਹਾ ਕਿ ਉਸ ਘਿਨਾਉਣੇ ਅਤੇ ਬੁਜ਼ਦਿਲੀ ਭਰੇ ਅੱਤਵਾਦੀ ਹਮਲੇ 'ਚ ਜਾਨ ਗਵਾਉਣ ਵਾਲੇ ਬੇਗੁਨਾਹ ਲੋਕਾਂ ਦੀਆਂ ਯਾਦਾਂ ਦੇਸ਼ ਦੀਆਂ ਸਮੂਹਿਕ ਯਾਦਾਂ 'ਚ ਹਮੇਸ਼ਾ ਬਣੀਆਂ ਰਹਿਣਗੀਆਂ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਦੇਸ਼ ਦੀ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦੀਆਂ ਸਥਾਈ ਕਦਰਾਂ ਨੂੰ ਬਣਾਈ ਰੱਖਣ ਦੇ ਸੰਕਲਪ ਨੂੰ ਕਦੇ ਨਹੀਂ ਡਿਗਾ ਸਕਦੀ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਨੇ ਦਹਾਕਿਆਂ ਤੱਕ ਸਰਹੱਦ ਪਾਰੋਂ ਅੱਤਵਾਦ ਦਾ ਸਾਹਮਣਾ ਕੀਤਾ ਹੈ, ਪਰ ਅੱਜ ਸਾਡਾ ਪ੍ਰਤੀਕਰਮ ਮਜ਼ਬੂਤ ਫ਼ੈਸਲਾਕੰੁਨ ਅਤੇ ਅਡਿੱਗ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਸਖ਼ਤ ਕਾਰਵਾਈ ਕਰਕੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਸਦੀ ਏਕਤਾ ਨੂੰ ਭੰਗ ਕਰਨ ਦੀ ਕਿਸੇ ਦੀ ਕੋਸ਼ਿਸ਼ ਦਾ ਮਜ਼ਬੂਤੀ ਅਤੇ ਸਪੱਸ਼ਟਤਾ ਨਾਲ ਸਾਹਮਣਾ ਕੀਤਾ ਜਾਏਗਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ਗੁਵਾਉਣ ਦਾ ਦੁੱਖ ਅਤੇ ਦਰਦ ਅੱਜ ਵੀ ਹਰ ਭਾਰਤੀ ਦੇ ਦਿਲ 'ਚ ਤਾਜ਼ਾ ਹੈ | ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਹਰ ਰੂਪ ਦਾ ਮੁਕਾਬਲਾ ਕਰਨ ਦੇ ਆਪਣੇ ਸੰਕਲਪ 'ਤੇ ਅਡਿੱਸ ਹੈ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਇਸ ਬੁਜ਼ਦਿਲੀ ਭਰੇ ਹਮਲੇ ਨੂੰ ਕਦੇ ਨਹੀਂ ਭੁੱਲੇਗਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕਰੇਗਾ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ |
ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ-ਮੋਦੀ<br> ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀ
ਅਜੀਤ ਡੈਸਕ
23-04-2026