ਭਾਰਤ ਵਲੋਂ ਈਰਾਨ ਨੂੰ ਕ੍ਰਿਪਟੋ ਭੁਗਤਾਨ ਦੇ ਦਾਅਵੇ ਖਾਰਜ
ਅਜੀਤ ਡੈਸਕ
23-04-2026
ਨਵੀਂ ਦਿੱਲੀ, 22 ਅਪ੍ਰੈਲ (ਏਜੰਸੀਆਂ)-ਭਾਰਤ ਸਰਕਾਰ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਹੋਰਮੁਜ਼ ਜਲ ਮਾਰਗ ਰਾਹੀਂ ਭਾਰਤੀ ਜਹਾਜ਼ਾਂ ਦੇ ਸੁਰੱਖਿਅਤ ਲਾਂਘੇ ਲਈ ਈਰਾਨ ਨੂੰ ਨਕਦੀ ਜਾਂ ਕ੍ਰਿਪਟੋਕਰੰਸੀ ਰਾਹੀਂ ਕੋਈ ਭੁਗਤਾਨ ਕੀਤਾ ਗਿਆ ਹੈ | ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਅਫਵਾਹਾਂ ਬੇਬੁਨਿਆਦ ਹਨ | ਇਹ ਸਪੱਸ਼ਟੀਕਰਨ 18 ਅਪ੍ਰੈਲ ਦੀ ਉਸ ਘਟਨਾ ਤੋਂ ਬਾਅਦ ਆਇਆ ਹੈ, ਜਦੋਂ ਦੋ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲ ਮਾਰਗ ਤੋਂ ਵਾਪਸ ਮੁੜਨਾ ਪਿਆ ਸੀ | ਦੱਸਿਆ ਗਿਆ ਹੈ ਕਿ ਜਦੋਂ ਇਹ ਜਹਾਜ਼ ਇਸ ਅਹਿਮ ਜਲ ਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਈਰਾਨੀ ਫÏਜਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ | ਭਾਰਤੀ ਟੈਂਕਰ 'ਸਨਮਾਰ ਹੇਰਾਲਡ' ਦੇ ਕਪਤਾਨ ਦੀ ਇਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਈਰਾਨੀ ਫ਼ੌਜਾਂ ਨੂੰ ਫਾਇਰਿੰਗ ਰੋਕਣ ਦੀ ਅਪੀਲ ਕਰਦਿਆਂ ਕਹਿ ਰਿਹਾ ਹੈ ਕਿ ਉਸ ਕੋਲ ਲਾਂਘੇ ਲਈ ਪਹਿਲਾਂ ਹੀ ਮਨਜ਼ੂਰੀ ਸੀ | ਕੁਝ ਰਿਪੋਰਟਾਂ ਵਿਚ ਇਸ ਘਟਨਾ ਨੂੰ 'ਕ੍ਰਿਪਟੋ ਘੁਟਾਲੇ' ਨਾਲ ਜੋੜਿਆ ਜਾ ਰਿਹਾ ਸੀ | ਕਿਹਾ ਜਾ ਰਿਹਾ ਸੀ ਕਿ ਸਾਈਬਰ ਅਪਰਾਧੀ ਈਰਾਨੀ ਅਧਿਕਾਰੀ ਬਣ ਕੇ ਜਹਾਜ਼ ਮਾਲਕਾਂ ਨੂੰ ਕ੍ਰਿਪਟੋ ਦੇ ਬਦਲੇ ਸੁਰੱਖਿਅਤ ਲਾਂਘੇ ਦਾ ਝਾਂਸਾ ਦੇ ਰਹੇ ਹਨ | ਬੰਦਰਗਾਹ ਅਤੇ ਜਹਾਜ਼ਰਾਨੀ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਇਨ੍ਹਾਂ ਰਿਪੋਰਟਾਂ ਨੂੰ 'ਫੇਕ ਨਿਊਜ਼' ਝੂਠੀ ਖ਼ਬਰ ਕਰਾਰ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਜਹਾਜ਼ ਦੇ ਮਾਲਕ ਨੇ ਪੁਸ਼ਟੀ ਕੀਤੀ ਹੈ ਕਿ ਅਜਿਹੀ ਕੋਈ ਅਦਾਇਗੀ ਨਹੀਂ ਕੀਤੀ ਗਈ |