ਮੁੱਖ ਮੰਤਰੀ ਅਗਲੇ ਦੌਰੇ 'ਤੇ ਫਿਨਲੈਂਡ ਪੁੱਜੇ
ਅਜੀਤ ਡੈਸਕ
23-04-2026
ਚੰਡੀਗੜ੍ਹ, 22 ਅਪ੍ਰੈਲ (ਅਜੀਤ ਬਿਊਰੋ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਦੀ ਆਪਣੀ ਫੇਰੀ ਦੌਰਾਨ ਪੰਜਾਬ ਦੇ ਵਿਕਾਸ ਦੇ ਅਗਲੇ ਪੜਾਅ ਦੇ ਕੇਂਦਰ ਵਿਚ ਪ੍ਰਵਾਸੀ ਪੰਜਾਬੀਆਂ ਨੂੰ ਰੱਖਿਆ ਅਤੇ ਪੰਜਾਬ ਦੇ ਚੱਲ ਰਹੇ ਬਦਲਾਅ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਪੰਜਾਬ ਤੇ ਫਿਨਲੈਂਡ ਵਿਚਕਾਰ ਮਜ਼ਬੂਤ ਆਰਥਿਕ ਤੇ ਸੰਸਥਾਗਤ ਸਹਿਯੋਗ ਲਈ ਜ਼ੋਰ ਦਿੱਤਾ | ਪ੍ਰਵਾਸੀ ਪੰਜਾਬੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਹਰ ਪੰਜਾਬੀ ਨੂੰ ਇਸ ਇਤਿਹਾਸਕ ਯਾਤਰਾ ਵਿਚ ਭਾਈਵਾਲ ਬਣਨਾ ਚਾਹੀਦਾ ਹੈ, ਉਨ੍ਹਾਂ ਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਫ਼ੈਸਲਾਕੁੰਨ ਤਾਕਤ ਦੱਸਿਆ, ਜੋ ਸੂਬੇ ਦੀ ਆਰਥਿਕ ਗਤੀ ਨੂੰ ਤੇਜ਼ ਕਰਨ ਦੇ ਸਮਰੱਥ ਹੈ | ਹੇਲਸਿੰਕੀ ਯੂਨੀਵਰਸਿਟੀ ਦੇ ਦੌਰੇ ਦੌਰਾਨ ਵਫ਼ਦ ਨੇ ਕਿਹਾ ਕਿ ਯੂਨੀਵਰਸਿਟੀ ਦੀ ਖ਼ੁਰਾਕ ਅਤੇ ਖੇਤੀਬਾੜੀ ਵਿਗਿਆਨ ਵਿਚ ਮੁਹਾਰਤ ਪੰਜਾਬ ਨੂੰ ਦੁੱਧ ਦੀ ਗੁਣਵੱਤਾ, ਡੇਅਰੀ ਤਕਨਾਲੋਜੀ, ਉਤਪਾਦ ਨਵੀਨਤਾ, ਟਿਕਾਊ ਪਸ਼ੂ ਪਾਲਨ ਕਵਾਇਦ ਅਤੇ ਵੈਲਯੂ ਲੜੀ ਨੂੰ ਮਜ਼ਬੂਤ ਕਰਨ ਵਰਗੇ ਖੇਤਰਾਂ ਵਿਚ ਸਹਾਇਤਾ ਕਰ ਸਕਦੀ ਹੈ |