ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੀ ਬੇਨਤੀ 'ਤੇ ਈਰਾਨ ਜੰਗਬੰਦੀ ਵਧਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਹੈ | ਸ਼ਰੀਫ਼ ਵਲੋਂ ਅੱਜ ਜਾਰੀ ਕੀਤੇ ਬਿਆਨ 'ਚ ਉਮੀਦ ਪ੍ਰਗਟਾਈ ਗਈ ਹੈ ਕਿ ਈਰਾਨ ਤੇ ਅਮਰੀਕਾ ਵਿਚਾਲੇ ਵਿਆਪਕ ਸ਼ਾਂਤੀ ਸਮਝੌਤਾ ਇਸਲਾਮਾਬਾਦ 'ਚ ਹੀ ਹੋਵੇਗਾ | ਉਨ੍ਹਾਂ ਕਿਹਾ ਕਿ ਜੰਗਬੰਦੀ 'ਚ ਇਹ ਵਾਧਾ ਕੂਟਨੀਤਕ ਯਤਨਾਂ ਨੂੰ ਅੱਗੇ ਵਧਾਉਣ 'ਚ ਸਹਾਇਤਾ ਕਰੇਗਾ | ਉਨ੍ਹਾਂ ਕਿਹਾ ਕਿ ਪਾਕਿ ਟਕਰਾਅ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਗੱਲਬਾਤ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ ਤੇ ਉਮੀਦ ਪ੍ਰਗਟਾਈ ਕਿ ਦੋਵੇਂ ਧਿਰਾਂ ਜੰਗਬੰਦੀ ਦਾ ਸਨਮਾਨ ਕਰਨਾ ਜਾਰੀ ਰੱਖਣਗੀਆਂ | ਜਾਣਕਾਰੀ ਮਿਲੀ ਹੈ ਕਿ ਅਮਰੀਕਾ-ਈਰਾਨ ਗੱਲਬਾਤ ਦੇ ਦੂਜੇ ਦੌਰ ਦੀ ਸੰਭਾਵਨਾ ਵਿਚਕਾਰ ਪਾਕਿ ਦੀ ਸੰਘੀ ਰਾਜਧਾਨੀ 'ਚ ਅਜੇ ਵੀ ਸੁਰੱਖਿਆ ਹਾਈ ਅਲਰਟ 'ਤੇ ਹੈ | ਅਧਿਕਾਰੀਆਂ ਨੇ ਸ਼ਹਿਰ ਦੇ ਕੁੱਝ ਹਿੱਸਿਆਂ 'ਚ ਸਖ਼ਤ ਆਵਾਜਾਈ ਪਾਬੰਦੀਆਂ ਨੂੰ ਬਰਕਰਾਰ ਰੱਖਦੇ ਹੋਏ ਮੁੱਖ ਖੇਤਰਾਂ ਨੂੰ ਸੀਲ ਕੀਤਾ ਹੋਇਆ ਹੈ | ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਈਰਾਨ-ਅਮਰੀਕਾ ਵਿਚਕਾਰ ਸੰਭਾਵੀ ਦੂਜੇ ਦੌਰ ਦੀ ਗੱਲਬਾਤ ਦੇ ਮੱਦੇਨਜ਼ਰ ਇਸਲਾਮਾਬਾਦ 'ਚ ਸੰਵੇਦਨਸ਼ੀਲ ਸਰਕਾਰੀ ਖੇਤਰ ਰੈੱਡ ਜ਼ੋਨ ਨੂੰ ਵਧੇ ਹੋਏ ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ |