ਸੂਚਨਾ ਮੰਤਰੀ ਤਰਾਰ ਨੇ ਭਾਰਤ ਤੋਂ ਅੱਤਵਾਦੀ ਹਮਲੇ ਦੇ ਮੰਗੇ ਸਬੂਤ
ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਪਹਿਲਗਾਮ ਹਮਲੇ ਦੀ ਵਰ੍ਹੇਗੰਢ 'ਤੇ ਪਾਕਿਸਤਾਨ ਨੇ ਕਿਹਾ ਹੈ ਕਿ ਇਕ ਸਾਲ ਬਾਅਦ ਵੀ ਭਾਰਤ ਪਹਿਲਗਾਮ ਹਮਲੇ ਸੰਬੰਧੀ ਪਾਕਿ ਵਿਰੁੱਧ ਆਪਣੇ ਦੋਸ਼ਾਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਪ੍ਰਦਾਨ ਕਰਨ 'ਚ ਅਸਫਲ ਰਿਹਾ ਹੈ | ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇਕ ਪਾਕਿਸਤਾਨੀ ਟੀ. ਵੀ. ਨਿਊਜ਼ ਚੈਨਲ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੇ ਉਕਤ ਘਟਨਾ ਸੰਬੰਧੀ ਅਜੇ ਤੱਕ ਨਾ ਤਾਂ ਕੋਈ ਠੋਸ ਸਬੂਤ ਪੇਸ਼ ਕੀਤਾ ਹੈ ਅਤੇ ਨਾ ਹੀ ਕੋਈ ਤਸੱਲੀਬਖ਼ਸ਼ ਸਪਸ਼ਟੀਕਰਨ ਹੀ ਦਿੱਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪਹਿਲਗਾਮ ਘਟਨਾ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਦਾ ਪ੍ਰਸਤਾਵ ਰੱਖਿਆ ਸੀ ਤਾਂ ਭਾਰਤ ਨੇ ਇਸ ਪੇਸ਼ਕਸ਼ ਦਾ ਅਰਥਪੂਰਨ ਢੰਗ ਨਾਲ ਕੋਈ ਜਵਾਬ ਨਹੀਂ ਦਿੱਤਾ | ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਪਹਿਲਗਾਮ 'ਚ 26 ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਮਾਰ ਦਿੱਤਾ ਸੀ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਦੇ ਤੁਰੰਤ ਬਾਅਦ ਪਾਕਿ ਆਧਾਰਿਤ ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਦੇ ਆਗੂ ਸ਼ੈਫ਼ਉੱਲਾ ਕਸੂਰੀ ਅਤੇ ਟੀ. ਆਰ. ਐੱਫ. (ਦੀ ਰੇਜਿਸਟੇਂਟ ਫ਼ਰੰਟ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਭਾਰਤ ਸਰਕਾਰ ਵਿਰੋਧੀ ਬਿਆਨ ਜਾਰੀ ਕੀਤੇ ਸਨ | ਤਰਾਰ ਨੇ ਅੱਗੇ ਕਿਹਾ ਕਿ ਪਾਕਿ ਖ਼ੁਦ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਅਸੀਂ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਨਾਗਰਿਕਾਂ ਪ੍ਰਤੀ ਹਮਦਰਦੀ ਪ੍ਰਗਟ ਕਰ ਚੁਕੇ ਹਾਂ | ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਸਬੂਤ ਅਤੇ ਜਾਂਚ ਦੇ ਸਾਰਾ ਦੋਸ਼ ਤੁਰੰਤ ਪਾਕਿ 'ਤੇ ਲਗਾ ਦਿੱਤਾ |
ਪਹਿਲਗਾਮ ਹਮਲੇ ਦੀ ਵਰ੍ਹੇਗੰਢ 'ਤੇ ਪਾਕਿ ਨੇ ਉਗਲਿਆ ਜ਼ਹਿਰ
ਅਜੀਤ ਡੈਸਕ
23-04-2026