ਬੇਰੂਤ, 23 ਅਪ੍ਰੈਲ (ਏਜੰਸੀ)-ਲਿਬਨਾਨ 'ਚ ਇਕ ਘਰ 'ਤੇ ਹੋਏ ਇਜ਼ਰਾਈਲੀ ਹਵਾਈ ਹਮਲੇ 'ਚ ਇਕ ਲਿਬਨਾਨੀ ਪੱਤਰਕਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਰੋਜ਼ਾਨਾ ਅਲ-ਅਖ਼ਬਾਰ ਦਾ ਕਹਿਣਾ ਹੈ ਕਿ ਉਸ ਦੀ ਪੱਤਰਕਾਰ ਅਮਲ ਖਲੀਲ ਦੀ ਮੌਤ ਦੱਖਣੀ ਲਿਬਨਾਨ ਦੇ ਪਿੰਡ ਅਲ-ਤਿਰੀ ਦੇ ਇਕ ਘਰ 'ਚ ਹੋਈ, ਜਿਥੇ ਉਹ ਇਜ਼ਰਾਈਲ-ਹਿਜ਼ਬੁੱਲਾ ਵਿਚਾਲੇ ਜੰਗ ਨੂੰ ਕਵਰ ਕਰ ਰਹੀ ਸੀ | ਖਲੀਲ ਨੇ ਅਲ-ਤਿਰੀ ਦੇ ਉਕਤ ਘਰ 'ਚ ਉਸ ਸਮੇਂ ਪਨਾਹ ਲਈ ਜਦੋਂ ਇਸ ਤੋਂ ਪਹਿਲਾਂ ਇਜ਼ਰਾਈਲੀ ਹਵਾਈ ਹਮਲਾ ਉਸ ਦੀ ਕਾਰ ਦੇ ਨੇੜੇ ਹੋਇਆ ਸੀ, ਜਿਸ 'ਚ ਉਹ ਇਕ ਹੋਰ ਸਾਥੀ ਨਾਲ ਯਾਤਰਾ ਕਰ ਰਹੀ ਸੀ | ਲਿਬਨਾਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲੇ ਹਮਲੇ 'ਚ ਦੋ ਲੋਕ ਮਾਰੇ ਗਏ | ਫਿਰ ਦੂਜਾ ਇਜ਼ਰਾਈਲੀ ਹਮਲਾ ਅਲ-ਤਿਰੀ 'ਚ ਉਸ ਘਰ 'ਤੇ ਹੋਇਆ ਜਿਥੇ ਖਲੀਲ ਅਤੇ ਉਸ ਦੀ ਸਹਿਯੋਗੀ ਜ਼ੀਨਬ ਫਰਾਜ ਨੇ ਪਨਾਹ ਲਈ ਸੀ | ਇਸ ਹਮਲੇ 'ਚ ਫਰਾਜ ਗੰਭੀਰ ਰੂਪ 'ਚ ਜ਼ਖ਼ਮੀ ਹੋਈ ਹੈ |