40 ਡਿਗਰੀ ਤੋਂ ਪਾਰ ਹੋਇਆ ਤਾਪਮਾਨ, ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਪਾਵਰਕਾਮ ਦੇ ਸਿਸਟਮ 'ਤੇ ਪਿਆ ਭਾਰੀ ਲੋਡ
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ (ਬਠਿੰਡਾ), 24 ਅਪ੍ਰੈਲ -ਪੰਜਾਬ ਵਿਚ ਗਰਮੀ ਦੇ ਸ਼ੁਰੂਆਤੀ ਦੌਰ 'ਚ ਹੀ ਅਸਧਾਰਨ ਤੌਰ 'ਤੇ ਵਧੇ ਤਾਪਮਾਨ ਨੇ ਬਿਜਲੀ ਸਪਲਾਈ ਦੇ ਪੂਰੇ ਗਣਿਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ¢ ਸੂਬੇ ਦੇ ਕਰੀਬ 10 ਜ਼ਿਲਿ੍ਹਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਦਾ ਅੰਕੜਾ ਪਾਰ ਕਰ ਚੁੱਕਾ ਹੈ ਅਤੇ ਲੂ ਚੱਲਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ¢ ਅਜੇ ਝੋਨੇ ਦਾ ਸੀਜ਼ਨ ਅਤੇ ਹੁੰਮਸ ਭਰਿਆ ਮੌਸਮ ਆਉਣਾ ਬਾਕੀ ਹੈ ਪਰ ਅਚਾਨਕ ਵਧੀ ਬਿਜਲੀ ਦੀ ਮੰਗ ਕਾਰਨ ਪਾਵਰਕਾਮ ਦਾ ਸਿਸਟਮ ਭਾਰੀ ਦਬਾਅ ਹੇਠ ਆ ਗਿਆ ਹੈ¢ ਤਾਪਮਾਨ ਦੇ ਇਸ ਉਛਾਲ ਕਾਰਨ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ ਅਤੇ ਬਿਜਲੀ ਦੀ ਨਿਰੰਤਰ ਸਪਲਾਈ ਬਰਕਰਾਰ ਰੱਖਣਾ ਵਿਭਾਗ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ | ਨਿਯਮਾਂ ਅਨੁਸਾਰ ਪਾਵਰਕਾਮ ਵਲੋਂ ਘਰੇਲੂ ਖਪਤਕਾਰਾਂ ਨੂੰ 24 ਘੰਟੇ ਅਤੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਟੀਚਾ ਮਿਥਿਆ ਗਿਆ ਹੈ ਪਰ ਮੌਜੂਦਾ ਹਾਲਾਤ ਇਹ ਹਨ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਸੂਤਰਾਂ ਅਨੁਸਾਰ ਇਸ ਭਿਆਨਕ ਗਰਮੀ ਵਿਚ ਪੇਂਡੂ ਫੀਡਰਾਂ ਨੂੰ ਮਹਿਜ਼ 5 ਘੰਟੇ ਬਿਜਲੀ ਮਿਲ ਰਹੀ ਹੈ | ਦੂਜੇ ਪਾਸੇ ਸ਼ਹਿਰੀ ਖੇਤਰਾਂ ਵਿਚ ਵੀ ਬੀਤੀ ਕੱਲ੍ਹ ਤੋਂ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਬੀਤੀ ਰਾਤ ਸ਼ਹਿਰਾਂ ਵਿਚ ਪੂਰੀ ਤਰ੍ਹਾਂ ਬਲੈਕ ਆਊਟ ਵਾਲੀ ਸਥਿਤੀ ਬਣੀ ਰਹੀ ਅਤੇ ਲੋਕਾਂ ਨੂੰ ਪੂਰੀ ਰਾਤ ਦੌਰਾਨ ਮਹਿਜ਼ 4 ਘੰਟੇ ਬਿਜਲੀ ਨਸੀਬ ਹੋਈ | ਬੱਚਿਆਂ ਅਤੇ ਬਜ਼ੁਰਗਾਂ ਦਾ ਗਰਮੀ ਨਾਲ ਬੁਰਾ ਹਾਲ ਹੈ | ਬਿਜਲੀ ਵੰਡ ਢਾਂਚੇ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਪਾਵਰਕਾਮ ਦਾ ਨੈੱਟਵਰਕ ਕਾਫੀ ਵਿਸ਼ਾਲ ਹੈ¢ ਪੇਂਡੂ ਅਤੇ ਖੇਤੀਬਾੜੀ ਸਪਲਾਈ ਲਈ ਲਗਭਗ 12,500 ਦੇ ਕਰੀਬ 11 ਕੇ. ਵੀ. ਫੀਡਰ ਕੰਮ ਕਰਦੇ ਹਨ | ਜਿਨ੍ਹਾਂ 'ਚੋਂ 6,500 ਤੋਂ ਵੱਧ ਖ਼ਾਸ ਤੌਰ 'ਤੇ ਖੇਤੀਬਾੜੀ ਲਈ ਹਨ | ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਲਈ ਫੀਡਰਾਂ ਦੀ ਗਿਣਤੀ 2,600 ਦੇ ਦਰਮਿਆਨ ਹੈ¢ ਮÏਜੂਦਾ ਸਮੇਂ ਵਿਚ ਮੰਗ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਹ ਵਿਸ਼ਾਲ ਨੈੱਟਵਰਕ ਵੀ ਓਵਰਲੋਡ ਹੋ ਰਿਹਾ ਹੈ | ਇੱਥੋਂ ਤੱਕ ਕਿ ਉਦਯੋਗਿਕ ਖੇਤਰਾਂ ਸਮਾਲ, ਮੀਡੀਅਮ ਅਤੇ ਲਾਰਜ ਸਪਲਾਈ 'ਤੇ ਵੀ ਸਿਸਟਮ ਨੂੰ ਬੈਲੇਂਸ ਰੱਖਣ ਲਈ ਕਈ ਵਾਰ 'ਪੀਕ ਲੋਡ ਰਿਸਟਿ੍ਕਸ਼ਨ' ਵਰਗੇ ਕਦਮ ਚੁੱਕਣੇ ਪੈ ਰਹੇ ਹਨ | ਇਸ ਤਕਨੀਕੀ ਦਬਾਅ ਦੇ ਨਾਲ-ਨਾਲ ਪਾਵਰਕਾਮ ਭਾਰੀ ਵਿੱਤੀ ਚੁਣੌਤੀਆਂ ਦਾ ਵੀ ਸਾਹਮਣਾ ਕਰ ਰਿਹਾ ਹੈ, ਜਿਸ ਦਾ ਅਸਰ ਬੁਨਿਆਦੀ ਢਾਂਚੇ ਦੇ ਸੁਧਾਰ 'ਤੇ ਪੈਂਦਾ ਹੈ | ਅੰਕੜਿਆਂ ਮੁਤਾਬਿਕ ਵਿੱਤੀ ਸਾਲ 2025-26 ਲਈ ਸਾਲਾਨਾ ਸਬਸਿਡੀ ਬਿੱਲ ਲਗਪਗ 19,657 ਕਰੋੜ ਰੁਪਏ ਬਣਦਾ ਹੈ | ਮੌਜੂਦਾ ਸਮੇਂ ਸਰਕਾਰ ਵੱਲ ਪਾਵਰਕਾਮ ਦੀ ਲਗਭਗ 10,500 ਕਰੋੜ ਰੁਪਏ ਦੀ ਸਬਸਿਡੀ ਬਕਾਇਆ ਹੈ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਰਗੇ ਸਰਕਾਰੀ ਵਿਭਾਗਾਂ ਵੱਲ ਵੀ 2,500 ਤੋਂ 2,700 ਕਰੋੜ ਰੁਪਏ ਦੇ ਬਿੱਲ ਖੜ੍ਹੇ ਹਨ¢ ਇਨ੍ਹਾਂ ਵਿੱਤੀ ਦੇਰੀਆਂ ਅਤੇ ਲਗਾਤਾਰ ਵੱਧ ਰਹੇ ਖ਼ਰਚਿਆਂ ਕਾਰਨ ਪਾਵਰਕਾਮ ਸਿਰ ਬੈਂਕਾਂ ਦਾ ਕਰਜ਼ਾ 45,000 ਤੋਂ ਵੱਧ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ¢ ਭਿਆਨਕ ਗਰਮੀ ਅਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਆਮ ਲੋਕਾਂ ਅਤੇ ਛੋਟੇ ਸਨਅਤਕਾਰਾਂ ਵਲੋਂ ਇਹ ਮੰਗ ਜ਼ੋਰ ਫੜਦੀ ਜਾ ਰਹੀ ਹੈ ਕਿ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਜਾਵੇ¢ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਰਿਆਇਤਾਂ ਮਿਲਦੀਆਂ ਰਹਿਣ ਪਰ ਤਾਪਮਾਨ ਦੇ ਇਸ ਕਹਿਰ ਵਿਚ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਛੋਟੇ ਕਾਰੋਬਾਰਾਂ ਨੂੰ ਤਬਾਹੀ ਤੋਂ ਬਚਾਉਣ ਲਈ 24 ਘੰਟੇ ਬਿਜਲੀ ਦੀ ਸਪਲਾਈ ਅਤਿ ਜ਼ਰੂਰੀ ਹੈ¢ ਆਉਣ ਵਾਲੇ ਦਿਨਾਂ ਵਿਚ ਜਦੋਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ 'ਤੇ ਹੋਵੇਗੀ, ਤਾਂ ਪਾਵਰਕਾਮ ਦੇ ਇਸ ਸਿਸਟਮ ਅਤੇ ਪ੍ਰਬੰਧਨ ਲਈ ਇਕ ਵੱਡਾ ਇਮਤਿਹਾਨ ਹੋਵੇਗਾ |
ਸਖ਼ਤ ਗਰਮੀ ਨੇ ਵਿਗਾੜਿਆ ਬਿਜਲੀ ਸਪਲਾਈ ਦਾ ਗਣਿਤ ਪੰਜਾਬ ਦੇ ਕਈ ਖੇਤਰਾਂ 'ਚ 'ਬਲੈਕ ਆਊਟ' ਵਰਗੇ ਹਾਲਾਤ <br/>
ਅਜੀਤ ਡੈਸਕ
25-04-2026